‘ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ’ ਪੰਜਾਬੀ ਸੂਬਾ ਦਿਵਸ – ਡਾ. ਗੁਰਦੇਵ ਸਿੰਘ

TeamGlobalPunjab
3 Min Read

ਪੰਜਾਬੀ ਸੂਬਾ ਦਿਵਸ

*ਡਾ. ਗੁਰਦੇਵ ਸਿੰਘ

ਇੱਕ ਕਹਾਵਤ ਹੈ ਕਿ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ।ਇਹ ਅਖਾਣ ਪੰਜਾਬੀਆਂ ’ਤੇ ਖਾਸਕਰ ਸਿੱਖਾਂ ’ਤੇ ਪੂਰਾ ਢੁੱਕਦਾ ਏ। 1947 ਈਸਵੀ ਦੀ ਦੇਸ਼ ਵੰਡ ਸਮੇਂ ਸਾਡੇ ਆਗੂਆਂ ਦੀਆਂ ਨਾ ਸਮਝੀਆਂ ਤੇ ਉਦੋਂ ਦੇ ਵੱਡੇ ਭਾਰਤੀ ਰਾਜਨਿਤਕ ਲੀਡਰਾਂ ਦੀਆਂ ਚਲਾਕੀਆਂ ਨੇ ਸਿੱਖਾਂ ਨੂੰ ਆਪਣੇ ਮਿਲਦੇ ਹੋਮਲੈਂਡ ਦੇ ਹੱਕ ਤੋਂ ਸਦਾ ਲਈ ਵਾਝਾਂ ਕਰ ਦਿੱਤਾ। 1947 ਤੋਂ ਬਾਅਦ ਜਦੋਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਹੋਇਆ ਤਾਂ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ।

ਅਕਾਲੀ ਲੀਡਰਸ਼ਿਪ ਨੇ ਜਦੋਂ ਸਿੱਖ ਹੋਮਲੈਂਡ ਦੀ ਮੰਗ ਕਰਨ ਦਾ ਫੈਸਲਾ ਕੀਤਾ ਤਾਂ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਨੇ ਕਿਹਾ ਕਿ ਸਰਕਾਰ ਇਸ ਮੰਗ ਨੂੰ ਗੈਰਸੰਵਿਧਾਨਕ ਐਲਾਨ ਕਰ ਦੇਵੇਗੀ। ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਸੰਵਿਧਾਨ ਅਨੁਸਾਰ ਪੰਜਾਬੀ ਸੂਬੇ ਦੀ ਮੰਗ ਕਰੋ।

ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਲਈ ਮੋਰਚਾ ਲਾ ਦਿੱਤਾ ਜੋ ਕਿ ਕਈ ਪੜਾਵਾਂ ਵਿੱਚੋਂ ਲੰਘਿਆ, ਜਿਸ ਦੇ ਸਿੱਟੇ ਵਜੋਂ ਪਟਿਆਲੇ ਵਿਖੇ ਪੰਜਾਬੀ ਯੂਨੀਵਰਸਿਟੀ ਦੀ ਵੀ ਸਥਾਪਨਾ ਹੁੰਦੀ ਏ। 1964 ਈਸਵੀ ਵਿੱਚ ਜਵਾਹਰ ਲਾਲ ਨਹਿਰੂ ਦਾ ਦੇਹਾਂਤ ਹੋ ਜਾਂਦਾ ਏ ਤੇ ਓਧਰ 1965 ਵਿੱਚ ਸੰਤ ਫਤਿਹ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣ ਜਾਂਦੇ ਨੇ ਤੇ ਉਨ੍ਹਾਂ ਨੇ ਪੰਜਾਬੀ ਸੂਬੇ ਦੇ ਇਸ ਮੌਰਚੇ ਨੂੰ ਅੱਗੇ ਤੋਰਿਆ। ਇਸ ਮੋਰਚੇ ਲਈ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਨੇ ਮਰਣ ਵਰਤ ਤਕ ਰੱਖੇ ਅਤੇ ਜੇਲਾਂ ਵਿੱਚ ਵੀ ਗਏ ਪਰ ਸਿੱਖਾਂ ਨੇ ਇਨ੍ਹਾਂ ਨੂੰ ਰਲਵਾਂ ਮਿਲਵਾਂ ਹੁੰਘਾਰਾ ਦਿੱਤਾ। ਅਖੀਰ 1966 ਈਸਵੀ ਵਿੱਚ ਪੰਜਾਬ ਨੂੰ 1947 ਤੋਂ ਬਾਅਦ ਦੁਬਾਰਾ ਭਾਸ਼ਾ ਦੇ ਨਾਮ ’ਤੇ ਵੰਡਿਆ ਗਿਆ, ਕੱਟਿਆ ਗਿਆ ਤੇ ਇਸ ਵਿਚੋਂ ਹਿਮਾਚਲ ਤੇ ਹਰਿਆਣਾ ਕੱਢ ਕੇ 1 ਨਵੰਬਰ 1966 ਈਸਵੀ ਨੂੰ ਪੰਜਾਬੀ ਸੂਬੇ ਵਜੋਂ ਕਾਇਮ ਕਰ ਦਿੱਤਾ ਗਿਆ, ਜਿਸ ਪੰਜਾਬ ਦੀਆਂ ਸਰਹੱਦਾਂ ਕਦੇ ਅਫਗਾਨਿਸਤਾਨ ਤੋਂ ਲੈ ਕੇ ਚੀਨ, ਤਿੱਬਤ ਤੇ ਜਮੁਨਾ ਤੱਕ ਲੱਗਦੀਆਂ ਸੀ ਉਹ ਹੁਣ ਵਾਹਗਾ ਤੋਂ ਸ਼ੰਭੂ ਬਾਡਰ ਤਕ ਹੀ ਸੀਮਤ ਰਹਿ ਗਿਆ, ਜੋ ਕਿ ਇਹ ਕੇਵਲ ਸਾਡੇ ਵਡੇਰਿਆਂ ਦੀ ਹੀ ਨਾ ਸਮਝੀ ਦੀ ਸਜਾ ਹੈ।

- Advertisement -

ਇੱਕ ਨਵੰਬਰ ਨੂੰ ਭਾਵੇਂ ਪੰਜਾਬ ਦੇ ਇਤਿਹਾਸ ਵਿੱਚ ਪੰਜਾਬੀ ਸੂਬਾ ਦਿਵਸ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ ਪਰ ਕਿਤੇ ਨਾ ਕਿਤੇ ਅਸੀਂ ਪੰਜਾਬ ਦੀ ਮੁੜ ਹੋਈ ਵੰਡ ਦੇ ਕਾਰਨ ਨਿਕਲੀਆਂ ਚੀਸਾਂ ਦੇ ਦਰਦ ਨੂੰ ਅਣਗੋਲਾ ਕਰ ਦਿੰਦੇ ਹਾਂ।

*gurdevsinghdr@gmail.com

Share this Article
Leave a comment