ਗੁਰਦਾਸਪੁਰ: ਖੇਤੀਬਾੜੀ ਕਾਨੂੰਨ ਖਿਲਾਫ ਪੰਜਾਬ ਵਿੱਚ ਹਰ ਵਰਗ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ। ਕਿਸਾਨਾਂ ਦੇ ਨਾਲ ਨਾਲ ਹੁਣ ਪੰਜਾਬੀ ਫ਼ਿਲਮ ਇੰਡਸਟਰੀ ਵੀ ਸੜਕਾਂ ‘ਤੇ ਨਿੱਤਰ ਆਈ ਹੈ। ਇਸ ਤਹਿਤ ਅੱਜ ਬਟਾਲਾ ਵਿੱਚ ਪੰਜਾਬੀ ਅਦਾਕਾਰਾਂ ਤੇ ਗਾਇਕਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿੱਚ ਰਣਜੀਤ ਬਾਵਾ, ਐਮੀ ਵਿਰਕ, ਕੰਵਰ ਗਰੇਵਾਲ, ਹਰਭਜਨ ਮਾਨ, ਕੁਲਵਿੰਦਰ ਬਿੱਲਾ, ਹਰਜੀਤ ਹਰਮਨ, ਰਵਿੰਦਰ ਗਰੇਵਾਲ, ਜੱਸ ਬਾਜਵਾ ਸਮੇਤ ਕਈ ਸਿੰਗਰ ਸ਼ਾਮਲ ਹੋਏ।
ਇਸ ਦੌਰਾਨ ਸਾਰੇ ਗਾਇਕਾਂ ਦੀ ਇੱਕ ਹੀ ਆਵਾਜ਼ ਸੀ ਕਿ ਜਿਹੜੇ ਪੰਜਾਬ ਨੂੰ ਕਾਨੂੰਨ ਪਸੰਦ ਨਹੀਂ ਉਹ ਕੇਂਦਰ ਸਰਕਾਰ ਤੁਰੰਤ ਰੱਦ ਕਰੇ। ਇਸ ਦੇ ਨਾਲ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਮਾਰੂ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਅਸੀਂ ਕਿਸਾਨਾਂ ਦੇ ਪੁੱਤ ਹਾਂ ਅਤੇ ਕਿਸਾਨਾਂ ਦੇ ਨਾਲ ਖੜ੍ਹਾਂਗੇ। ਕੋਈ ਵੀ ਸਰਕਾਰ ਸਾਡੇ ‘ਤੇ ਜ਼ੁਲਮ ਨਹੀਂ ਢਾਹ ਸਕਦੀ।
ਗੁਰਦਾਸਪੁਰ ਦੇ ਬਟਾਲਾ ਤੋਂ ਪਹਿਲਾਂ 25 ਸਤੰਬਰ ਨੂੰ ਪੰਜਾਬੀ ਗਾਇਕਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਇਹ ਸਾਰੇ ਗਾਇਕ ਕਿਸਾਨਾਂ ਦੇ ਪੰਜਾਬ ਬੰਦ ਨੂੰ ਸਮਰਥਨ ਦੇਣ ਲਈ ਪਹੁੰਚੇ ਸਨ। ਉਸ ਤੋਂ ਬਾਅਦ ਗਾਇਕਾਂ ਦਾ ਏਕਾ ਇਸ ਕਦਰ ਵਧਿਆ ਕਿ ਹੁਣ ਬਟਾਲਾ ਵਿੱਚ ਵੱਡਾ ਧਰਨਾ ਲਗਾਇਆ ਗਿਆ।