ਮੁਹਾਲੀ : ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ 27 ਸਤੰਬਰ ਨੂੰ ਇੱਕ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਅੱਜ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਪੰਜਾਬੀ ਗਾਇਕ ਨੇ ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ 35 ਸਾਲ ਦੀ ਉਮਰ ਵਿੱਚ ਅੱਜ ਆਖਰੀ ਸਾਹ ਲਏ। ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਸ਼ਾਮ ਤੱਕ ਪਿੰਡ ਲਿਆਂਦੀ ਜਾਵੇਗੀ ਤੇ ਕੱਲ੍ਹ ਨੂੰ ਕਰੀਬ 12 ਵਜੇ ਪਿੰਡ ਪੋਨਾ ਵਿਚ ਹੀ ਉਸਦਾ ਅੰਤਿਮ ਸਸਕਾਰ ਹੋਵੇਗਾ। ਰਾਜਵੀਰ ਦੀ ਮੌਤ ਨਾਲ ਪਿੰਡ ਵਿੱਚ ਸ਼ੋਕ ਦੀ ਲਹਿਰ ਹੈ।
ਫੋਰਟਿਸ ਹਸਪਤਾਲ ਨੇ ਰਾਜਵੀਰ ਜਵੰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਲਿਖਿਆ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ 8 ਅਕਤੂਬਰ, 2025 ਨੂੰ ਸਵੇਰੇ 10:55 ਵਜੇ ਫੋਰਟਿਸ ਹਸਪਤਾਲ, ਮੋਹਾਲੀ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 27 ਸਤੰਬਰ, 2025 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ ਬਹੁਤ ਹੀ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿੱਚ ਰੀੜ੍ਹ ਦੀ ਹੱਡੀ ਦੀਆਂ ਗੰਭੀਰ ਸੱਟਾਂ ਤੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ। ਡਾਕਟਰੀ ਸਹਾਇਤਾ ਅਤੇ ਕ੍ਰਿਟੀਕਲ ਕੇਅਰ ਅਤੇ ਨਿਊਰੋਸਰਜਰੀ ਟੀਮਾਂ ਦੁਆਰਾ ਨਿਰੰਤਰ ਨਿਗਰਾਨੀ ਦੇ ਬਾਵਜੂਦ, ਅੱਜ ਸਵੇਰੇ ਉਹ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਦਮ ਤੋੜ ਗਏ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ ਹੈ।
ਪੰਜਾਬੀ ਗਾਇਕ ਰਾਜਵੀਰ ਜਵੰਦਾ, ਜੋ ਪਿੰਜੌਰ-ਨਾਲਾਗੜ੍ਹ ਰੋਡ ‘ਤੇ ਸੈਕਟਰ 30 ਟੀ-ਪੁਆਇੰਟ ਨੇੜੇ ਆਪਣੀ ਸਾਈਕਲ ਚਲਾ ਰਿਹਾ ਸੀ, ਇੱਕ ਸਾਨ੍ਹ ਦੀ ਟੱਕਰ ਕਾਰਨ ਵਾਪਰੇ ਹਾਦਸੇ ਦਾ ਸ਼ਿਕਾਰ ਹੋ ਗਿਆ। ਗਾਇਕ ਬੱਦੀ ਤੋਂ ਪਿੰਜੌਰ ਜਾ ਰਿਹਾ ਸੀ। ਜਦੋਂ ਅਚਾਨਕ ਇੱਕ ਸਾਨ੍ਹ ਉਸਦੇ ਸਾਹਮਣੇ ਆ ਗਿਆ, ਤਾਂ ਉਸਦੀ ਸਾਈਕਲ ਬੇਕਾਬੂ ਹੋ ਗਈ ਅਤੇ ਉਹ ਹਾਈਵੇਅ ‘ਤੇ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਵਿੱਚ ਰਾਜਵੀਰ ਜਵੰਦਾ ਦੇ ਸਿਰ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਉਹ ਲਾਈਫ ਸਪੋਰਟ ‘ਤੇ ਸਨ।
ਮੁੱਖ ਮੰਤਰੀ ਮਾਨ ਨੇ ਦੁੱਖ ਪ੍ਰਗਟ ਕੀਤਾ
ਮੁੱਖ ਮੰਤਰੀ ਭਗਵੰਤ ਮਾਨ ਨੇ ਜਵੰਦਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਮਾਨ ਨੇ ਕਿਹਾ ਕਿ ਇਲਾਜ ਦੌਰਾਨ ਰਾਜਵੀਰ ਜਵੰਦਾ ਦੀ ਮੌਤ ਬਾਰੇ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬੀ ਸੰਗੀਤ ਜਗਤ ਦਾ ਇੱਕ ਸਿਤਾਰਾ ਹਮੇਸ਼ਾ ਲਈ ਗੁਆਚ ਗਿਆ ਹੈ।
ਛੋਟੀ ਉਮਰ ਵਿੱਚ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜਵੀਰ ਜਵੰਦਾ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ। ਵਾਹਿਗੁਰੂ ਉਨ੍ਹਾਂ ਦੀ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਇਸ ਨੁਕਸਾਨ ਨੂੰ ਸਹਿਣ ਦੀ ਤਾਕਤ ਦੇਵੇ।