ਮੋਹਾਲੀ: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਅੱਜ ਹਰ ਕੋਈ ਚਿੰਤਤ ਹੈ। 27 ਸਤੰਬਰ ਤੋਂ ਜਵੰਦ ਦਾ ਇਲਾਜ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਪੰਜਾਬੀ ਗਾਇਕ ਦੀ ਸਿਹਤ ਵਿੱਚ ਹਾਲੇ ਕੋਈ ਜ਼ਿਆਦਾ ਸੁਧਾਰ ਨਹੀਂ ਆਇਆ ਹੈ। ਅੱਜ 6 ਅਕਤੂਬਰ ਨੂੰ ਲਗਾਤਾਰ ਤੀਜੇ ਦਿਨ ਨਿੱਜੀ ਹਸਪਤਾਲ ਨੇ ਰਾਜਵੀਰ ਜਵੰਦ ਦੀ ਸਿਹਤ ਨੂੰ ਲੈ ਕੇ ਕੋੀ ਵੀ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ। ਜਵੰਦਾ ਦੇ ਦਾਖਲੇ ਤੋਂ ਬਾਅਦ ਹਸਪਤਾਲ ਨੇ 27 ਸਤੰਬਰ ਤੋਂ 3 ਅਕਤੂਬਰ ਤੱਕ ਰੋਜ਼ਾਨਾ ਮੈਡੀਕਲ ਬੁਲੇਟਿਨ ਜਾਰੀ ਕੀਤੇ। ਹਾਲਾਂਕਿ, ਆਖਰੀ ਬੁਲੇਟਿਨ 3 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ, ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਜਵੰਦਾ ਦੀ ਹਾਲਤ ਉਹੀ ਰਹੀ, ਅਤੇ ਉਨ੍ਹਾਂ ਕੋਲ ਰਿਪੋਰਟ ਕਰਨ ਲਈ ਕੁਝ ਨਹੀਂ ਹੈ। ਨਤੀਜੇ ਵਜੋਂ, ਰੋਜ਼ਾਨਾ ਮੈਡੀਕਲ ਬੁਲੇਟਿਨ ਬੰਦ ਕੀਤਾ ਜਾ ਰਿਹਾ ਹੈ।
ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਡਾਕਟਰਾਂ ਮੁਤਾਬਕ ਉਹਨਾਂ ਦੇ ਦਿਮਾਗ ਵਿੱਚ ਕੋਈ ਵੀ ਗਤੀਵਿਧੀ ਨਹੀਂ ਦੇਖਣ ਨੂੰ ਮਿਲ ਰਹੀ। ਰਾਜਵੀਰ ਦਾ ਸਿਰਫ਼ ਦਿਲ ਹੀ ਧੜਕ ਰਿਹਾ ਹੈ। ਜਵੰਦਾ 27 ਸਤੰਬਰ ਨੂੰ ਆਪਣੀ ਬਾਈਕ ‘ਤੇ ਸ਼ਿਮਲਾ ਜਾ ਰਹੇ ਜਦੋਂ ਉਹ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ। ਸੜਕ ‘ਤੇ ਜਾਂਦੇ ਸਮੇਂ ਰਸਤੇ ‘ਚ ਅਵਾਰਾ ਪਸ਼ੂ ਅਚਾਨਕ ਆ ਗਏ ਜਿਸ ਕਰਕੇ ਰਾਜਵੀਰ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਤੋਂ ਆ ਰਹੀ ਬੋਲੈਰੋ ਨਾਲ ਉਹਨਾਂ ਦੀ ਟੱਕਰ ਹੋ ਗਈ।
ਹਾਦਸੇ ਤੋਂ ਬਾਅਦ, ਉਨ੍ਹਾਂ ਨੂੰ ਪਹਿਲਾਂ ਪੰਚਕੂਲਾ ਲਿਜਾਇਆ ਗਿਆ ਅਤੇ ਫਿਰ, ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ, ਤਾਂ ਉਨ੍ਹਾਂ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ, ਉਨ੍ਹਾਂ ਦੇ ਦਿਮਾਗ ਤੱਕ ਆਕਸੀਜਨ ਦੀ ਘਾਟ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਅੱਜ (6 ਅਕਤੂਬਰ 2025) ਤੱਕ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ਸਪੋਰਟ ਤੇ ਹਨ। ਹਸਪਤਾਲ ਨੇ ਪਹਿਲਾਂ ਜਾਰੀ ਕੀਤੇ ਮੈਡੀਕਲ ਬੁਲੇਟਿਨ ਵਿੱਚ ਦੱਸਿਆ ਹੈ ਕਿ ਨਿਊਰੋਲੌਜੀਕਲ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ, ਦਿਮਾਗ ਵਿੱਚ ਘੱਟ ਆਕਸੀਜਨ ਪਹੁੰਚਣ ਕਾਰਨ ਨੁਕਸਾਨ ਹੋਇਆ ਹੈ ਅਤੇ ਆਰਗਨ ਫੇਲਯਰ ਦਾ ਖ਼ਤਰਾ ਵੀ ਹੈ। ਡਾਕਟਰ ਲਗਾਤਾਰ ਨਿਗਰਾਨੀ ਕਰ ਰਹੇ ਹਨ, ਪਰ ਅਜੇ ਤੱਕ ਰਾਜਵੀਰ ਜਵੰਦਾ ਬੇਹੋਸ਼ ਹੀ ਹਨ ਅਤੇ ਕੋਈ ਵੱਡਾ ਬਦਲਾਅ ਨਹੀਂ ਆਇਆ।
ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਜਿਵੇਂ ਅੰਮੀ ਵੀਰਕ, ਕੰਵਰ ਗਰੇਵਾਲ, ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਨੇ ਉਹਨਾਂ ਲਈ ਅਰਦਾਸਾਂ ਕਰਨ ਦੀ ਅਪੀਲ ਕੀਤੀ ਹੈ ਅਤੇ ਕਈ ਰਾਜਨੇਤਾ ਵੀ ਹਸਪਤਾਲ ਪਹੁੰਚੇ ਹਨ।