ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਲਈ ਚਿੰਤਾਜਨਕ ਖਬਰ ਹੈ। ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਵਿਦੇਸ਼ੀ ਨੰਬਰ ਤੋਂ ਉਸ ਦੇ ਮੋਬਾਈਲ ’ਤੇ ਧਮਕੀਆਂ ਵਾਲਾ ਮੈਸੇਜ ਆਇਆ ਹੈ। ਮਨਕੀਰਤ ਨੇ ਇਸ ਸਬੰਧੀ ਮੋਹਾਲੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਦੱਸਣਯੋਗ ਹੈ ਕਿ ਗਾਇਕ ਨੂੰ ਪਹਿਲਾਂ ਹੀ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ।
ਇਹ ਧਮਕੀ ਵਾਲਾ ਮੈਸੇਜ ਬੀਤੇ ਦਿਨ ਮਿਲਿਆ ਸੀ। ਮਨਕੀਰਤ ਨੇ ਦੱਸਿਆ ਕਿ ਮੈਸੇਜ ਵਿੱਚ ਕੋਈ ਮੰਗ ਨਹੀਂ ਕੀਤੀ ਗਈ। ਇਸ ਦੇ ਨਾਲ ਹੀ, ਇੱਕ ਹੋਰ ਸੁਨੇਹੇ ਵਿੱਚ ਉਸ ਦੇ ਪੂਰੇ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ, ਜਿਸ ਕਾਰਨ ਪਰਿਵਾਰ ਡਰਿਆ ਹੋਇਆ ਹੈ।
ਧਮਕੀ ਵਿੱਚ ਕੀ ਲਿਖਿਆ?
ਮਨਕੀਰਤ ਨੂੰ ਮਿਲਿਆ ਮੈਸੇਜ ਪੰਜਾਬੀ ਵਿੱਚ ਹੈ, ਜਿਸ ਵਿੱਚ ਸਾਫ਼ ਲਿਖਿਆ ਹੈ ਕਿ ਉਸ ਨੂੰ ਮਾਰ ਦਿੱਤਾ ਜਾਵੇਗਾ। ਮੈਸੇਜ ਵਿੱਚ ਕਿਹਾ ਗਿਆ, ”ਤਿਆਰੀ ਕਰ ਲੈ ਪੁੱਤ, ਤੇਰਾ ਟਾਈਮ ਆ ਗਿਆ…ਚਾਹੇ ਤੇਰੀ ਘਰਵਾਲੀ ਹੋਵੇ, ਚਾਹੇ ਤੇਰਾ ਬੱਚਾ ਹੋਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪੁੱਤ ਤੇਰਾ ਨੰਬਰ ਲਾਉਦਾ ਹੁੰਦਾ।”
ਧਮਕੀ ਵਿੱਚ ਗਾਇਕ ਨੂੰ ਇਸ ਨੂੰ ਮਜ਼ਾਕ ਨਾ ਸਮਝਣ ਲਈ ਵੀ ਕਿਹਾ ਗਿਆ ਹੈ ਕਿ, ”ਇਹ ਨਾ ਸੋਚ ਕਿ ਤੈਨੂੰ ਧਮਕੀ ਦਾ ਕੋਈ ਮਜ਼ਾਕ ਕੀਤਾ, ਨੰਬਰ ਲਾਣਾ ਪੁੱਤ ਕਿੱਦਾਂ ਲੱਗਣਾ, ਦੇਖੀ ਚਲ ਪੁੱਤ ਹੁਣ ਤੇਰੇ ਨਾਲ ਕੀ-ਕੀ ਹੋਣਾ…।”
ਮਨਕੀਰਤ ਔਲਖ ਆਪਣੇ ਪਰਿਵਾਰ ਨਾਲ ਮੋਹਾਲੀ ਦੇ ਸੈਕਟਰ-71, ਹੋਮਲੈਂਡ ਹਾਈਟਸ ਵਿੱਚ ਰਹਿੰਦਾ ਹੈ। ਉਹ ਗਾਇਕੀ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਵੀ ਸਰਗਰਮ ਹੈ। 2022 ਵਿੱਚ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਸਿਰਫ਼ 10 ਮਿੰਟ ਦੇ ਫ਼ਰਕ ਨਾਲ ਉਹ ਬਚ ਗਿਆ। ਇਸ ਮਾਮਲੇ ਤੋਂ ਬਾਅਦ ਮੋਹਾਲੀ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਉਸ ਨੂੰ ਸੁਰੱਖਿਆ ਦਿੱਤੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।