ਮੁਹਾਲੀ: ਟ੍ਰੈਫਿਕ ਪੁਲਿਸ ਨੇ ਸੈਕਟਰ 70 ਵਿੱਚ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਐਸਯੂਵੀ ਦਾ ਚਲਾਨ ਕੀਤਾ। ਉੱਤਰ ਪ੍ਰਦੇਸ਼ ਦੇ ਨੰਬਰ ‘UP32 JW 0001’ ਵਾਲੀ ਗਾਇਕ ਦੀ ਫੋਰਡ ਐਂਡੈਵਰ ਦੀ ਕਾਰ ‘ਤੇ ਉਸਨੇ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਖਿੜਕੀਆਂ ਉੱਤੇ ਬਲੈਕ ਫਿਲਮ ਲਗਾਈ ਹੋਈ ਸੀ। ਟ੍ਰੈਫਿਕ ਪੁਲਿਸ ਦੀ ਕਾਰਵਾਈ ਤੋਂ ਬਾਅਦ ਕਾਰ ਚਾਲਕ ਗਾਇਕ ਮਨਕੀਰਤ ਔਲਖ ਦੇ ਭਰਾ ਹਰਪ੍ਰੀਤ ਨੇ ਆਪਣੀ ਗਲਤੀ ਮੰਨਦੇ ਹੋਏ ਮੌਕੇ ‘ਤੇ ਪੁਲਿਸ ਨੂੰ ਇੱਕ ਹਜ਼ਾਰ ਰੁਪਏ ਦੀ ਚਲਾਨ ਦੀ ਰਕਮ ਅਦਾ ਕੀਤੀ।
ਇਸ ਮਾਮਲੇ ਵਿੱਚ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਸੋਹਾਣਾ ਦੇ ਗੁਰਦੁਆਰਾ ਸ਼੍ਰੀ ਸਿੰਘ ਸ਼ਹੀਦਾਂ ਚੋਂਕ ਵਿਖੇ ਡਿਊਟੀ ‘ਤੇ ਸੀ। ਇਸੇ ਦੌਰਾਨ ਇੱਕ ਫੋਰਡ ਐਂਡੈਵਰ ਕਾਰ ਆਈ, ਜਿਸ ਦੀਆਂ ਖਿੜਕੀਆਂ ‘ਤੇ ਬਲੈਕ ਫਿਲਮ ਲੱਗੀ ਹੋਈ ਸੀ।ਇਹ ਵੇਖ ਕੇ ਉਨ੍ਹਾਂ ਨੇ ਕਾਰ ਰੋਕ ਲਈ ਅਤੇ ਬਲੈਕ ਫਿਲਮ ਲਗਾਉਣ ਲਈ ਕਾਗਜ਼ ਮੰਗੇ। ਇਸ ਬਾਰੇ ਕਾਰ ਵਿੱਚ ਸਵਾਰ ਗਾਇਕ ਮਨਕੀਰਤ ਔਲਖ ਦੇ ਭਰਾ ਹਰਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਲਈ ਕਾਰ ਉੱਤੇ ਬਲੈਕ ਫਿਲਮ ਲਗਾਈ ਹੈ। ਇਸ ‘ਤੇ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਉਸ ਨੂੰ ਇਸ ਲਈ ਪ੍ਰਸ਼ਾਸਨ ਵੱਲੋਂ ਦਿੱਤੀ ਇਜਾਜ਼ਤ ਦਿਖਾਉਣ ਲਈ ਕਿਹਾ। ਪਰ ਹਰਪ੍ਰੀਤ ਇਹ ਇਜਾਜ਼ਤ ਨਹੀਂ ਦਿਖਾ ਸਕਿਆ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਉਸਦੀ ਕਾਰ ਦਾ ਚਲਾਨ ਕੱਟਿਆ।