ਸੰਗਰੂਰ : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਜਿੱਥੇ ਕਿਸਾਨ ਵਿਰੋਧ ਕਰ ਰਹੇ ਹਨ ਤਾਂ ਉੱਥੇ ਹੀ ਪੰਜਾਬੀ ਕਲਾਕਾਰ ਵੀ ਵਧ ਚੜ੍ਹ ਕੇ ਹਮਾਇਤ ਲਈ ਅੱਗੇ ਆ ਰਹੇ ਹਨ। ਜਿਕਰ ਏ ਖਾਸ ਹੈ ਕਿ ਇਸ ਦੌਰਾਨ ਕਈ ਥਾਂਈ ਪਰਚੇ ਦਰਜ ਕੀਤੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਬਾਰੇ ਬੋਲਦਿਆਂ ਹੁਣ ਪ੍ਰਸਿੱਧ ਅਦਾਕਾਰ ਇੰਦਰਜੀਤ ਸਿੰਘ ਨਿਕੂ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਰਚੇ ਦਰਜ ਕਰਕੇ ਮੋਦੀ ਸਰਕਾਰ ਕਿਸਾਨਾਂ ਦੀ ਆਵਾਜ਼ ਦਬਾਅ ਨਹੀਂ ਸਕਦੀ। ਨਿੱਕੂ ਇੱਥੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਬਦੁੱਲਾਪੁਰ ਚੁਹਾਣਾ ਵਿਖੇ ਕਰਵਾਏ ਗੁਰਮਤਿ ਸਮਾਗਮ ‘ਚ ਹਾਜ਼ਰੀ ਭਰਨ ਪਹੁੰਚੇ ਸਨ। ਇੰਦਰਜੀਤ ਨਿੱਕੂ ਨੇ ਕਿਹਾ ਕਿ ਮੋਦੀ ਸਰਕਾਰ ਇਹ ਕਾਨੂੰਨ ਲਾਗੂ ਕਰਕੇ ਕਿਸਾਨੀ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਨੌਜਵਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀ ਕਲਾਕਾਰ ਵੀ ਕਿਸਾਨੀ ਅੰਦੋਲਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।
ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਤਿੰਨ ਦਿਨ ਪਹਿਲਾਂ ਕੁਝ ਲੋਕਾਂ ਤੇ ਕਿਸਾਨ ਲੀਡਰਾਂ ਦੀ ਫੋਟੋ ਜਾਰੀ ਕੀਤੀਆਂ ਗਈਆਂ। ਜਿਸ ਵਿੱਚ ਇੰਦਰਜੀਤ ਨਿੱਕੂ ਅਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਫੋਟੋ ਵੀ ਪੁਲਿਸ ਨੇ ਜਾਰੀ ਕੀਤੀ ਸੀ। ਇਸ ਤੋਂ ਬਾਅਦ ਇੰਦਰਜੀਤ ਨਿੱਕੂ ਨੇ ਆਪਣਾ ਸਪਸ਼ਟੀਕਰਨ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਉਹ ਜਾਂ ਉਨ੍ਹਾਂ ਦਾ ਕੋਈ ਵੀ ਦੋਸਤ ਲਾਲ ਕਿਲ੍ਹੇ ‘ਤੇ ਗਿਆ ਹੀ ਨਹੀਂ। ਹਾਲਾਂਕਿ ਇੰਦਰਜੀਤ ਨਿੱਕੂ ਨੇ ਇਹ ਗੱਲ ਆਖੀ ਕਿ ਉਨ੍ਹਾਂ ਨੇ ਟਰੈਕਟਰ ‘ਤੇ ਬੈਠ ਕੇ ਸਿੰਘੂ ਬਾਰਡਰ ਕੋਲ ਪ੍ਰਦਰਸ਼ਨ ਜ਼ਰੂਰ ਕੀਤਾ ਸੀ।