ਲੰਦਨ: ਮਸ਼ਹੂਰ ਪੰਜਾਬੀ ਗਾਇਕ ਬੈਨੀ ਧਾਲੀਵਾਲ ‘ਤੇ ਐਤਵਾਰ ਰਾਤ ਯੂਕੇ ‘ਚ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਗ੍ਰੇਵਸੈਂਡ ਦੇ ਸ਼ੋਰਨ ਵਿਖੇ ਵਾਪਰੀ। ਹਾਦਸੇ ਦੀ ਪੁਸ਼ਟੀ ਧਾਲੀਵਾਲ ਪਰਿਵਾਰ ਵੱਲੋਂ ਕੀਤੀ ਗਈ ਹੈ ਤੇ ਉਨ੍ਹਾਂ ਵੱਲੋਂ ਅਜਿਹੀ ਘੜੀ ‘ਚ ਨਿੱਜਤਾ ਬਣਾ ਕੇ ਰੱਖਣ ਦੀ ਬੇਨਤੀ ਕੀਤੀ ਗਈ ਹੈ।
ਡੇਲੀ ਇੰਟਰਟੇਨਮੈਂਟ ਐਕਸਪ੍ਰੈਸ ‘ਚ ਛਪੀ ਰਿਪੋਰਟ ਦੇ ਮੁਤਾਬਕ ਮਸ਼ਹੂਰ ਪੰਜਾਬੀ ਗਾਇਕ ਬੈਨੀ ਧਾਲੀਵਾਲ ਦੇ ਯੂ.ਕੇ ‘ਚ ਸਥਿਤ ਘਰ ਦੇ ਬਾਹਰ ਨਕਾਬਪੋਸ਼ ਵਿਅਕਤੀਆਂ ਵਲੋਂ ਅੰਨ੍ਹੇਵਾਹ ਫਾਈਰਿੰਗ ਕੀਤੀ ਗਈ।
ਇਸ ਦੌਰਾਨ ਬੈਨੀ ਧਾਲੀਵਾਲ ਨੂੰ 2-3 ਗੋਲੀਆਂ ਲੱਗੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੰਦਨ ਦੇ ਇਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਫਾਈਰਿੰਗ ਪਿੱਛੇ ਅਸਲੀ ਵਜ੍ਹਾ ਸਾਹਮਣੇ ਨਹੀਂ ਆਈ ਹੈ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।