ਅੰਮ੍ਰਿਤਸਰ : ਪੰਜਾਬੀ ਗਾਇਕ ਦਿਲਜਾਨ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਸਵੇਰੇ ਤਕਰੀਬਨ 3:45 ਵਜੇ ਵਾਪਰਿਆ ਸੀ। ਦਿਲਜਾਨ ਆਪਣੇ ਗਾਣੇ ਦੀ ਪ੍ਰਮੋਸ਼ਨ ਦੇ ਸਿਲਸਿਲੇ ‘ਚ ਅੰਮ੍ਰਿਤਸਰ ਤੋਂ ਵਾਪਸ ਕਰਤਾਰਪੁਰ ਨੂੰ ਆ ਰਹੇ ਸਨ। ਜਦੋਂ ਉਹਨਾਂ ਦੀ ਕਾਰ ਨੇ ਜੀ.ਟੀ ਰੋਡ ਜੰਡਿਆਲਾ ਗੁਰੂ ‘ਤੇ ਬਣੇ ਪੁਲ ਨੂੰ ਪਾਰ ਕੀਤਾ ਤਾਂ ਸੜਕ ਕੰਢੇ ਬਣਾਏ ਡਿਵਾਇਡਰ ਨਾਲ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਦੌਰਾਨ ਦਿਲਜਾਨ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜ਼ਬਰਦਸਤ ਹਾਦਸੇ ਵਿੱਚ ਪੰਜਾਬੀ ਗਾਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦਿਲਜਾਨ ਜਲੰਧਰ ਦੇ ਕਰਤਾਰਪੁਰ ਵਿੱਚ ਰਹਿਣ ਵਾਲੇ ਸਨ। ਅੰਮ੍ਰਿਤਸਰ ਤੋਂ ਗੀਤ ਦੀ ਪ੍ਰਮੋਸ਼ਨ ਕਰਕੇ ਖੁੱਦ ਗੱਡੀ ਚਲਾ ਕੇ ਆਪਣੇ ਘਰ ਵਾਪਸ ਆ ਰਹੇ ਸਨ। ਪਰ ਰਸਤੇ ਵਿੱਚ ਮੰਦਭਾਗੀ ਘਟਨਾ ਵਾਪਰ ਗਈ। ਜਿਸ ਨੇ ਪੂਰੀ ਪੰਜਾਬੀ ਸੰਗੀਤ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਘਟਨਾ ਦੀ ਪੁਸ਼ਟੀ ਜੰਡਿਆਲਾ ਗੁਰੂ ਪੁਲਿਸ ਵੱਲੋਂ ਕੀਤੀ ਗਈ।