ਚੰਡੀਗੜ੍ਹ/ਨਵੀਂ ਦਿੱਲੀ: ਦਿੱਲੀ ਏਅਰਪੋਰਟ ਤੋਂ ਵਾਪਸ ਪਰਤਦੇ ਸਮੇਂ ਹਾਈਵੇਅ ਉੱਤੇ ਲੁਟੇਰਿਆਂ ਨੇ ਪੰਜਾਬ ਦੇ ਮਲੋਟ ਦੇ ਇੱਕ ਐਨਆਰਆਈ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਨੇ ਪੀੜਤ ਪਰਿਵਾਰ ਦੀ ਕਾਰ ਦੀ ਵੀ ਭੰਨਤੋੜ ਕੀਤੀ। ਪਰ ਕਿਸੇ ਤਰ੍ਹਾਂ ਪਰਿਵਾਰ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਇਸ ਸਬੰਧੀ ਪੀੜਤ ਪਰਿਵਾਰ ਦੇ ਲੜਕੇ ਕਮਲਪ੍ਰੀਤ ਸਿੰਘ ਬਰਾੜ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ , ‘ਦਿੱਲੀ ਏਅਰਪੋਰਟ ਤੋਂ ਰਾਤ ਨੂੰ ਕਾਰ ਵਿੱਚ ਇਕੱਲੇ ਪੰਜਾਬ ਆਉਣ ਵਾਲੇ ਵਿਦੇਸ਼ੀ ਸਾਵਧਾਨ ਰਹਿਣ। ਉਨ੍ਹਾਂ ਅੱਗੇ ਦੱਸਿਆ ਕੱਲ੍ਹ (ਵੀਰਵਾਰ-ਸ਼ੁੱਕਰਵਾਰ ਰਾਤ) ਕਰੀਬ 12 ਵਜੇ ਮੇਰੀ ਮਾਤਾ ਦਿੱਲੀ ਏਅਰਪੋਰਟ ‘ਤੇ ਉੱਤਰੇ ਅਤੇ ਪਿੰਡੋਂ ਮੇਰੇ ਪਿਤਾ ਤੇ ਕੁਝ ਨੌਜਵਾਨ ਉਹਨਾਂ ਨੂੰ ਲੈ ਲਈ ਦਿੱਲੀ ਏਅਰਪੋਰਟ ਉੱਤੇ ਆਏ ਹੋਏ ਸਨ। ਤੇ ਉਹ ਮੇਰੀ ਮਾਤਾ ਨੂੰ ਲੈ ਕੇ ਦਿੱਲੀ ਏਅਰਪੋਰਟ ਤੋਂ ਪਿੰਡ ਲਈ ਰਵਾਨਾ ਹੋ ਗਏ।
ਦਿੱਲੀ ਵਿੱਚੋਂ ਨਿਕਲਣ ਤੋਂ ਬਾਅਦ ਰਾਤ ਦੇ ਕਰੀਬ 1 ਵਜੇ ਪਰਿਵਾਰ ਪਾਣੀਪਤ ਜਲੰਧਰ ਹਾਈਵੇ ‘ਤੇ ਸਥਿਤ ਮੰਨਤ ਢਾਬੇ ‘ਤੇ ਖਾਣ-ਪੀਣ ਲਈ ਰੁਕਿਆ। ਜਦੋਂ ਉਹ ਢਾਬੇ ਤੋਂ ਖਾਣਾ ਖਾ ਕੇ ਪੰਜਾਬ ਵੱਲ ਨੂੰ ਤੁਰੇ ਤਾਂ ਕਾਰ ‘ਚ ਸਵਾਰ 20 ਤੋਂ 25 ਸਾਲ ਦਾ ਨੌਜਵਾਨ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਨ ਲੱਗਾ। 10 ਕਿਲੋਮੀਟਰ ਬਾਅਦ ਉਸਨੇ ਅਚਾਨਕ ਆਪਣੀ ਕਾਰ ਨੂੰ ਉਹਨਾਂ ਦੀ ਕਾਰ ਦੇ ਅੱਗੇ ਲਗਾ ਲਿਆ ਤੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਦੋਂ ਉਹਨਾਂ ਨੇ ਕਾਰ ਨਹੀਂ ਰੋਕੀ ਤਾਂ ਉਹ ਬੇਸਬਾਲ ਬੈਟ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਉਨ੍ਹਾਂ ਉਤੇ ਹਮਲਾ ਕਰਨ ਲੱਗੇ।
ਪੀੜਤ ਕਿਸੇ ਤਰ੍ਹਾਂ ਆਪਣੀ ਕਾਰ ਲੈ ਕੇ ਉਥੋਂ ਭੱਜੇ ਤਾਂ ਮੁਲਜ਼ਮਾਂ ਨੇ ਉਹਨਾਂ ਦਾ 10 ਤੋਂ 15 ਕਿਲੋਮੀਟਰ ਤੱਕ ਪਿੱਛਾ ਕੀਤਾ। ਦੋਵੇਂ ਕਾਰਾਂ 100 ਕਿਲੋਮੀਟਰ ਤੋਂ ਵੱਧ ਦੀ ਰਫਤਾਰ ਨਾਲ ਦੌੜ ਰਹੀਆਂ ਸਨ। ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਕਾਰ ਟਕਰਾ ਕੇ ਪਲਟ ਵੀ ਸਕਦੀ ਸੀ, ਪਰ ਬਚਾਅ ਰਿਹਾ। ਕਾਰ ‘ਚ ਪਿਤਾ, ਮਾਤਾ, ਡਰਾਈਵਰ ਅਤੇ ਇਹ ਦੂਜਾ ਭਰਾ ਸਵਾਰ ਸੀ, ਇਹ ਸਾਰੇ ਮਲੋਟ ਦੇ ਰਹਿਣ ਵਾਲੇ ਹਨ।
ਪੀੜਤ ਹੋਰ ਕਾਰਾਂ ਵਾਲਿਆਂ ਨੂੰ ਰੁਕਣ ਦੀ ਅਪੀਲ ਕਰ ਰਹੇ ਸਨ, ਪਰ ਕਿਸੇ ਨੇ ਕਾਰ ਨਹੀਂ ਰੋਕੀ। ਅੱਗੇ ਜਾ ਕੇ ਹਾਈਵੇਅ ’ਤੇ ਇੱਕ ਪੁਲ ਆਇਆ, ਜਿਥੇ ਜਾਮ ਲੱਗਾ ਹੋਇਆ ਸੀ, ਜਦੋਂ ਪਰਿਵਾਰ ਨੇ ਕਾਰ ਰੋਕੀ ਤਾਂ ਮੁਲਜ਼ਮਾਂ ਨੇ ਉਹਨਾਂ ਦੀ ਕਾਰ ਉੱਤੇ ਫਿਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਿਰਫ਼ ਲੁੱਟਣਾ ਹੀ ਨਹੀਂ ਚਾਹੁੰਦੇ ਸਨ, ਅਜਿਹਾ ਲੱਗਦਾ ਹੈ ਕਿ ਉਹ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ।
ਇਸ ਤੋਂ ਮਗਰੋਂ ਪਰਿਵਾਰ ਨੇ ਦਿੱਲੀ ਵੱਲ ਕਾਰ ਮੋੜ ਲਈ ਤੇ ਅੱਗੇ 10 ਕਿਲੋਮੀਟਰ ਦੂਰ ਪੈਟਰੋਲ ਪੰਪ ਦੇ ਬਾਥਰੂਮ ਵਿੱਚ ਲੁਕ ਗਏ ਤੇ ਉਹਨਾਂ ਦੀ ਜਾਨ ਬਚ ਗਈ। ਇਸ ਤੋਂ ਮਗਰੋਂ ਪੀੜਤ ਪਰਿਵਾਰ ਨੇ ਪੁਲਿਸ ਨੂੰ ਫੋਨ ਕੀਤਾ ਤੇ ਇਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ।