ਮੈਲਬਰਨ: ਆਸਟ੍ਰੇਲੀਆ ਦੇ ਮੱਧ ਵਿਕਟੋਰੀਆ ਸੂਬੇ ‘ਚ ਬੀਤੇ ਦਿਨੀਂ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ 4 ਪੰਜਾਬੀਆਂ ਦੀ ਜਾਨ ਚਲੀ ਗਈ ਸੀ। ਇਨਾਂ ਦੀ ਮੌਤ ਦੇ ਮਾਮਲੇ ਵਿੱਚ ਇਨਾਂ ਦੇ ਹੀ ਸਾਥੀ ਹਰਿੰਦਰ ਸਿੰਘ ਰੰਧਾਵਾ ‘ਤੇ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਲੱਗੇ ਹਨ। ਹਾਲਾਂਕਿ ਰੰਧਾਵਾ ਵੀ ਹਸਪਤਾਲ ਵਿੱਚ ਦਾਖ਼ਲ ਐ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ, ਪਰ 4 ਮੌਤਾਂ ਲਈ ਉਸ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ।
ਇਹ ਹਾਦਸਾ 4 ਜਨਵਰੀ ਨੂੰ ਵਾਪਰਿਆ ਸੀ ਜਦੋਂ ਹਰਿੰਦਰ ਸਿੰਘ ਰੰਧਾਵਾ ਅਤੇ ਉਸ ਦੇ 4 ਸਾਥੀ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਵਿਕਟੋਰੀਆ ਦੇ ਸ਼ੈਪਰਟਨ ਸ਼ਹਿਰ ਆਪਣੇ ਇੱਕ ਦੋਸਤ ਦੇ ਘਰ ਜਾ ਰਹੇ ਸੀ। ਇਸੇ ਦੌਰਾਨ ਉਨ੍ਹਾਂ ਦੀ ਟੋਇਟਾ ਕਾਰ ਦੀ ਇੱਕ ਟਰੇਲਰ ਨਾਲ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਡਰਾਈਵਰ ਹਰਿੰਦਰ ਸਿੰਘ ਰੰਧਾਵਾ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਪਰ ਸੜਕ ਹਾਦਸੇ ਨੂੰ ਲੈ ਕੇ ਪੁਲਿਸ ਨੇ ਡਰਾਈਵਰ ਰੰਧਾਵਾ ‘ਤੇ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਹਨ।
ਜਾਣਕਾਰੀ ਮੁਤਾਬਕ ਹਾਦਸੇ ਵਿੱਚ ਮਾਰੇ ਗਏ ਚਾਰ ਲੋਕਾਂ ਵਿੱਚੋਂ ਤਿੰਨ ਜਣੇ ਟੱਕਰ ਲਗਦਿਆਂ ਹੀ ਕਾਰ ਵਿੱਚੋਂ ਬਾਹਰ ਜਾ ਡਿੱਗੇ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਹਾਦਸੇ ਵੇਲੇ ਯਾਤਰੀਆਂ ਨੇ ਸੀਟ ਬੈਲਟ ਲਾਈ ਹੋਈ ਸੀ ਜਾਂ ਨਹੀਂ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਕਾਰ ਦਾ ਅਗਲਾ ਹਿੱਸਾ – ਟਰੇਲਰ ਦੀ ਸਾਈਡ ਨਾਲ ਟਕਰਾਇਆ ਸੀ, ਜਿਸ ਦੇ ਚਲਦਿਆਂ ਕਾਰ ਵਿੱਚ ਸਵਾਰ ਤਿੰਨ ਜਣੇ ਬਾਹਰ ਜਾ ਡਿੱਗੇ ਅਤੇ ਉਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਦੀ ਅਗਲੀ ਸੀਟ ‘ਤੇ ਬੈਠੇ ਚੌਥੇ ਵਿਅਕਤੀ ਨੇ ਵੀ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਡਰਾਈਵਰ ਹਰਿੰਦਰ ਸਿੰਘ ਰੰਧਾਵਾ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹਰਿੰਦਰ ਸਿੰਘ ਰੰਧਾਵਾ ਨੂੰ ਹੁਣ 8 ਜੂਨ ਨੂੰ ਮੈਲਬੌਰਨ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਮ੍ਰਿਤਕਾਂ ਦੀ ਪਛਾਣ ਮੁਕਤਸਰ ਨਿਵਾਸੀ ਹਰਪਾਲ ਸਿੰਘ, ਜਲੰਧਰ ਵਾਸੀ ਭੁਪਿੰਦਰ ਸਿੰਘ, ਤਰਨਤਾਰਨ ਨਿਵਾਸੀ ਬਲਜਿੰਦਰ ਸਿੰਘ ਅਤੇ ਕਿਸ਼ਨ ਸਿੰਘ ਵਜੋਂ ਹੋਈ। ਇਹ ਚਾਰੇ ਜਣੇ ਵਿਜ਼ਟਰ ਵੀਜ਼ੇ ‘ਤੇ ਆਸਟਰੇਲੀਆ ਆਏ ਸੀ।