ਸਿਡਨੀ: ਕਾਰਾਂ ਦੀ ਆਪਸੀ ਟੱਕਰ ‘ਚ ਦੋ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਪੰਜਾਬੀ ਨੌਜਵਾਨ ਗ੍ਰਿਫਤਾਰ

TeamGlobalPunjab
2 Min Read

ਸਿਡਨੀ: ਆਸਟ੍ਰੇਲੀਆ ਦੇ ਪੱਛਮੀ ਸਿਡਨੀ ‘ਚ ਵਾਪਰੇ ਇਕ ਭਿਆਨਕ ਸੜ੍ਹਕ ਹਾਦਸੇ ‘ਚ ਦੋ ਬਜ਼ੁਰਗ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਦੇ ਦੋਸ਼ਾਂ ‘ਚ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਐਮਰਜੈਂਸੀ ਸਰਵਿਸ ਵਿਭਾਗ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਰਾਤ 10 ਵਜੇ ਦੇ ਕਰੀਬ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਦੋ ਵਾਹਨਾਂ ਦੀ ਆਪਸੀ ਟੱਕਰ ਹੋਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਤੇ ਇਕ ਬਜ਼ੁਰਗ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਹਾਦਸੇ ‘ਚ 81 ਸਾਲਾ ਮਹਿਲਾ ਕਾਰਮੈਨ ਸੈਂਟ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦੇ 83 ਸਾਲਾ ਪਤੀ ਫਰੈਂਕ ਸੈਂਟ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੇ ਹਸਪਤਾਲ ‘ਚ ਕੁੱਝ ਘੰਟਿਆਂ ਬਾਅਦ ਦਮ ਤੋੜ ਦਿੱਤਾ।

ਦੂਜੀ ਕਾਰ ਦੇ ਡਰਾਈਵਰ 22 ਸਾਲਾ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ ਤੇ ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਉਸ ‘ਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਕੇ ਦੋ ਵਿਅਕਤੀਆਂ ਨੂੰ ਮਾਰਨ ਸਮੇਤ ਕਈ ਹੋਰ ਦੋਸ਼ ਲੱਗਾਏ ਗਏ ਹਨ।

ਹਰਜਿੰਦਰ ਸਿੰਘ ਕੋਲ ਕੌਮਾਂਤਰੀ ਡਰਾਈਵਰ ਲਾਇਸੈਂਸ ਸੀ ਤੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹੁਣ ਉਸ ਨੂੰ 24 ਅਕਤੂਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ ਹਰਜਿੰਦਰ ਆਸਟ੍ਰੇਲੀਆ ‘ਚ ਪੜ੍ਹਾਈ ਕਰਨ ਲਈ ਆਇਆ ਸੀ। ਉਸ ਸਬੰਧੀ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ।

Share this Article
Leave a comment