ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਤੋਂ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਪੰਜਾਬੀ ਵਿਅਕਤੀ ਔਰਤ ਨਾਲ ਘਰ ਦੇ ਬਾਹਰ ਸੜ੍ਹਕ ‘ਤੇ ਬੁਰੀ ਤਰ੍ਹਾਂ ਕੁਟਮਾਰ ਕਰਦਾ ਵਿਖਾਈ ਦੇ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ 37 ਸਾਲਾ ਵਿਅਕਤੀ ਬਰੈਂਪਟਨ ਦਾ ਵਸਨੀਕ ਹੈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀਲ ਪੁਲਿਸ ਨੇ ਕਾਰਵਾਈ ਕਰਦਿਆਂ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਪੀਲ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਵੀਡੀਓ 23 ਨਵੰਬਰ ਦੀ ਹੈ ਤੇ ਅਗਲੇ ਹੀ ਦਿਨ 24 ਨਵੰਬਰ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣੀ ਸ਼ੁਰੂ ਹੋਈ ਤੇ ਬਾਅਦ ਵਿਚ ਭਾਈਚਾਰੇ ਦੇ ਕਈ ਮੈਂਬਰਾਂ ਵੱਲੋਂ ਵੀ ਪੀਲ ਰਿਜਨਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।
ਜਿਸ ਤੋਂ ਬਾਅਦ ਪੁਲਿਸ ਨੇ 37 ਸਾਲਾ ਬਰੈਂਪਟਨ ਵਾਸੀ ਨੂੰ ਚਾਰਜ ਕਰ 24 ਨਵੰਬਰ ਨੂੰ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਸੀ। ਪੁਲਿਸ ਵੱਲੋਂ ਹਾਲੇ ਤੱਕ ਕੋਈ ਨਾਮ ਜਨਤਕ ਨਹੀਂ ਕੀਤੇ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।