ਮਨਾਲੀ/ਚੰਡੀਗੜ੍ਹ : ਕੋਰੋਨਾ ਬੰਦਿਸ਼ਾਂ ਵਿੱਚ ਨਰਮਾਈ ਕੀਤੇ ਜਾਣ ਤੋਂ ਬਾਅਦ ਪਹਾੜੀ ਇਲਾਕਿਆਂ ਵਿਚ ਸੈਲਾਨੀਆਂ ਦਾ ਹੜ ਆ ਚੁੱਕਾ ਹੈ। ਇਸ ਦੇ ਨਾਲ ਹੀ ਸੈਲਾਨੀਆਂ ਦੇ ਹੁੱਲੜਬਾਜ਼ੀ ਕਰਨ ਦੇ ਮਾਮਲੇ ਵੀ ਤੇਜ਼ੀ ਨਾਲ ਵਧਦੇ ਜਾ ਰਹੇ ਹਨ । ਅਜਿਹਾ ਹੀ ਇਕ ਹੰਗਾਮਾ ਭਰਪੂਰ ਮਾਮਲਾ ਮਨਾਲੀ ਤੋਂ ਸਾਹਮਣੇ ਆਇਆ ਹੈ। ਇੱਥੇ ਪੰਜਾਬ ਨਾਲ ਸਬੰਧਤ 4-5 ਨੌਜਵਾਨਾਂ ਨੇ ਸੜਕ ਵਿਚਾਲੇ ਜੰਮ ਕੇ ਹੰਗਾਮਾ ਕੀਤਾ।
ਇਸ ਪੂਰੇ ਮਾਮਲੇ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਚੁੱਕੀ ਹੈ। ਘਟਨਾ ਦਾ ਵੀਡੀਓ ਹੇਠਾਂ ਵੇਖੋ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੋਂ ਆਏ ਨੌਜਵਾਨਾਂ ਨੇ ਮਾਮੂਲੀ ਤਕਰਾਰ ਤੋਂ ਬਾਅਦ ਤਲਵਾਰਾਂ ਕੱਢ ਲਈਆਂ ਤੇ ਸਥਾਨਕ ਲੋਕਾਂ ਨਾਲ ਕੁੱਟਮਾਰ ਕੀਤੀ। ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰਾ ਮਾਮਲਾ ਪੁਲਿਸ ਥਾਣੇ ਦੇ ਨਜਦੀਕ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਰਾਤ ਨੂੰ ਸਥਾਨਕ ਨਿਵਾਸੀ ਤੇ ਪੰਜਾਬ ਦੇ ਸੈਲਾਨੀਆਂ ਵਿਚਕਾਰ ਮਨਾਲੀ ਪੁਲਿਸ ਥਾਣੇ ਨੇੜੇ ਓਵਰਟੇਕ ਨੂੰ ਲੈ ਕੇ ਹਲਕੀ ਜਿਹੀ ਕਹਾਸੁਣੀ ਹੋ ਗਈ। ਸੈਲਾਨੀਆਂ ਨੇ ਤੈਸ਼ ‘ਚ ਆ ਕੇ ਗੱਡੀ ਤੋਂ ਤਲਵਾਰਾਂ ਕੱਢ ਲਈਆਂ। ਪੁਲਿਸ ਨੇ ਮਨਾਲੀ ਹਰੀਸ਼ ਕੁਮਾਰ ਦੇ ਬਿਆਨ ਤੇ ਆਈਪੀਸੀ ਦੀ ਧਾਰਾ 147, 148, 149, 323, 506 ਆਈਪੀਸੀ ਤੇ 25 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮਨਾਲੀ ਦੇ ਹਰੀਸ਼ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਕਿ ਬੱਸ ਸਟੈਂਡ ਮਨਾਲੀ ਤੋਂ ਰਾਂਗੜੀ ਜਾ ਰਿਹਾ ਸੀ। ਰਸਤੇ ‘ਚ ਬੀਬੀਐੱਮਬੀ ਰੈਸਟ ਹਾਊਸ ਇਕ ਕਾਰ ਪੀਬੀ 11 ਸੀਐੱਫ 0123 ਸਫੇਦ ਐੱਸਯੂਵੀ ਓਵਰਟੇਕ ਕਰ ਸੜਕ ਵਿਚਕਾਰ ਖੜ੍ਹੀ ਕਰ ਦਿੱਤੀ, ਜਿਸ ਨਾਲ ਟਰੈਫਿਕ ਜਾਮ ਹੋ ਗਿਆ।
ਮਨਾਲੀ ਵਿਖੇ ਹੋਏ ਹੰਗਾਮੇ ਦੀ ਲਾਈਵ ਵੀਡੀਓ
ਇਸ ਦੌਰਾਨ ਹੰਗਾਮਾ ਉਸ ਸਮੇਂ ਖੜਾ ਹੋ ਗਿਆ ਜਦੋਂ ਲੋਕਾਂ ਨੇ ਸੈਲਾਨੀਆਂ ਨੂੰ ਗੱਡੀ ਹਟਾਉਣ ਨੂੰ ਕਿਹਾ । ਪੰਜਾਬ ਤੋਂ ਆਏ ਨੌਜਵਾਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਸਥਾਨਕ ਲੋਕਾਂ ਨਾਲ ਉਲਝ ਪਏ । ਇਸ ਪੂਰੀ ਘਟਨਾ ਦੇ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਨੌਜਵਾਨ ਤਲਵਾਰਾਂ ਲੈ ਕੇ ਕਾਰ ਤੋਂ ਬਾਹਰ ਆ ਗਏ ਤੇ ਕੁੱਟਮਾਰ ਕਰਨ ਲੱਗੇ। ਇਸ ਘਟਨਾ ‘ਚ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਾਮਲੇ ‘ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਹਨ ਪੰਜਾਬ ਦੇ ਚਾਰ ਨੌਜਵਾਨ ਜਿਨ੍ਹਾਂ ਤੇ ਮਾਮਲਾ ਹੋਇਆ ਦਰਜ
ਮਨਾਲੀ ਪੁਲਿਸ ਅਨੁਸਾਰ ਜਿਨ੍ਹਾਂ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਹ ਹਨ:-
1. ਰਵਿੰਦਰ (21 ਸਾਲ) ਪੁੱਤਰ ਭਗਵਾਨ ਪਿੰਡ ਸਿਆਲ ਖਦਿਆਲ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ (ਪੰਜਾਬ),
2. ਦਲਬੀਰ ਸਿੰਘ (28 ਸਾਲ) ਪੁੱਤਰ ਹਰਦੀਪ ਸਿੰਘ ਪਿੰਡ ਰਤਨ ਗੜ੍ਹ ਸਿੰਧਰਾ ਖਦਿਆਲ ਜ਼ਿਲ੍ਹਾ ਸੰਗਰੂਰ (ਪੰਜਾਬ),
3. ਅਮਨਦੀਪ ਸਿੰਘ (24 ਸਾਲ) ਪੁੱਤਰ ਨਰਪੇ ਸਿੰਘ ਪਿੰਡ ਧਰਮਗੜ੍ਹ ਚੰਨਾ ਖਦਿਆਲ ਜ਼ਿਲ੍ਹਾ ਸੰਗਰੂਰ (ਪੰਜਾਬ),
4. ਜਸਰਾਜ (23 ਸਾਲ) ਪੁੱਤਰ ਸ਼ੇਖਪ੍ਰੀਤ ਸਿੰਘ ਪਿੰਡ ਤੇ ਪੀ.ਓ. ਖਦਿਆਲ ਜ਼ਿਲ੍ਹਾ ਸੰਗਰੂਰ (ਪੰਜਾਬ)।
ਪੁਲਿਸ ਨੇ ਇਨ੍ਹਾਂ ਚਾਰਾਂ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੁੱਲੂ ਦੇ ਐਸ.ਪੀ. ਗੁਰਦੇਵ ਸ਼ਰਮਾ ਅਨੁਸਾਰ ਇਸ ਮਾਮਲੇ ਵਿੱਚ ਪੰਜਾਬ ਦੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਖਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।