1 ਜੁਲਾਈ ਤੋਂ ਬੀਬੀਆਂ ਦੇ ਖਾਤਿਆਂ ‘ਚ ਆਉਣਗੇ 1000 ਤੋਂ 1500 ਰੁਪਏ, ਜਾਣੋ ਕੀ ਹੋਵੇਗੀ ਪ੍ਰਕਿਰਿਆ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਸੂਬੇ ਦੀਆਂ ਮਹਿਲਾਵਾਂ ਨੂੰ 1 ਜੁਲਾਈ ਤੋਂ 1000 ਅਤੇ 1500 ਰੁਪਏ ਦੀ ਆਰਥਿਕ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਇਹ ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਚੰਡੀਗੜ੍ਹ ਵਿੱਚ ਇੱਕ ਟੀਵੀ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਇਸ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ।

ਕਾਰਡ ਬਣਵਾਉਣ ‘ਤੇ ਮਿਲੇਗੀ ਜੁਲਾਈ ਤੋਂ ਰਕਮ

ਮੁੱਖ ਮੰਤਰੀ ਨੇ ਦੱਸਿਆ ਕਿ ਯੋਜਨਾ ਨਾਲ ਸੰਬੰਧਿਤ ਲਗਭਗ 80 ਫੀਸਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਬਾਕੀ ਕੰਮ ਵੀ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 1 ਜੁਲਾਈ ਨੂੰ ਮਾਵਾਂ ਅਤੇ ਭੈਣਾਂ ਨੂੰ ਵੱਡਾ ਤੋਹਫ਼ਾ ਮਿਲੇਗਾ।

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਿਨ੍ਹਾਂ ਮਹਿਲਾਵਾਂ ਦੇ ਕਾਰਡ ਹਾਲੇ ਨਹੀਂ ਬਣੇ, ਉਨ੍ਹਾਂ ਦਾ ਕੀ ਹੋਵੇਗਾ, ਤਾਂ ਮਾਨ ਨੇ ਕਿਹਾ ਕਿ ਅਗਲੇ ਮਹੀਨੇ ਤੱਕ ਉਨ੍ਹਾਂ ਦੇ ਕਾਰਡ ਬਣ ਜਾਣਗੇ ਤੇ ਉਨ੍ਹਾਂ ਨੂੰ ਜੁਲਾਈ ਮਹੀਨੇ ਤੋਂ ਬਣਦੀ ਰਕਮ ਦਿੱਤੀ ਜਾਵੇਗੀ।

‘ਅਸੀਂ ਸਟੇਜ ਹੀ ਨਹੀਂ, ਸਟੇਟ ਵੀ ਚਲਾ ਕੇ ਦਿਖਾਈ’

ਵਿਰੋਧੀਆਂ ਵੱਲੋਂ ਸਰਕਾਰ ਚਲਾਉਣ ਦੀ ਸਮਰੱਥਾ ‘ਤੇ ਸਵਾਲ ਚੁੱਕੇ ਜਾਣ ਬਾਰੇ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਸਿਆਸੀ ਪਾਰਟੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਦਾ ਸਰਟੀਫਿਕੇਟ ਲੋਕ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਵਾਅਦਿਆਂ ਨੂੰ ਚਾਰ ਸਾਲਾਂ ਵਿੱਚ ਪੂਰਾ ਕਰਨ ਵੱਲ ਕਦਮ ਚੁੱਕੇ ਹਨ ਅਤੇ ਸੂਬੇ ਵਿੱਚ ਸਰਕਾਰ ਪ੍ਰਤੀ ਲੋਕਾਂ ਦਾ ਸਮਰਥਨ ਬਣਿਆ ਹੋਇਆ ਹੈ।

ਨਵੰਬਰ ਵਿੱਚ ਚੋਣਾਂ ਹੋਈਆਂ ਤਾਂ ਵੀ ਤਿਆਰ

ਪੰਜਾਬ ਵਿੱਚ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਕਰਵਾਉਣ ਦਾ ਫੈਸਲਾ ਚੋਣ ਕਮਿਸ਼ਨ ਦਾ ਅਧਿਕਾਰ ਹੈ। ਭਾਵੇਂ ਚੋਣਾਂ ਨਵੰਬਰ, ਦਸੰਬਰ ਜਾਂ ਫਰਵਰੀ ਵਿੱਚ ਹੋਣ, ਆਮ ਆਦਮੀ ਪਾਰਟੀ ਹਰ ਸਥਿਤੀ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਤੌਰ ‘ਤੇ ਵਿਧਾਨ ਸਭਾ ਚੋਣਾਂ ਫਰਵਰੀ ਵਿੱਚ ਹੁੰਦੀਆਂ ਹਨ, ਪਰ ਜੇਕਰ ਇਹ ਪਹਿਲਾਂ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਪਾਰਟੀ ਉਸ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ।

Share This Article
Leave a Comment