ਮੁਕਤਸਰ: ਪੰਜਾਬ ‘ਚ ਲੁੱਟਾਂ-ਖੋਹਾਂ ਦੇ ਨਾਲ-ਨਾਲ ਜ਼ਮੀਨ ਹੜੱਪਣ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਅਜਿਹੀ ਹੀ ਘਟਨਾ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਸਮੇਵਾਲੀ ਦੀ ਹੈ ਜਿੱਥੇ ਇੱਕ ਨਾਬਾਲਿਗ ਨੇ ਜ਼ਮੀਨ ਹਥਿਆਉਣ ਲਈ ਆਪਣੀ ਭੂਆ ਤੇ ਦਾਦੀ ‘ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ।
ਲੜਕੇ ਨੇ ਆਪਣੀ ਭੂਆ ਸੁਮੀਤ ਕੌਰ ਤੇ ਦਾਦੀ ਸੁਖਜਿੰਦਰ ਕੋਰ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਦੌਰਾਨ ਸੁਮੀਤ ਕੋਰ ਦੇ 3 ਗੋਲੀਆਂ ਸਿਰ ‘ਚ ਤੇ 1 ਗੋਲੀ ਜਬਾੜੇ ‘ਚ ਲੱਗੀ ਤੇ 2 ਗੋਲੀਆਂ ਦਾਦੀ ਦੀ ਲੱਤ ‘ਚ ਵੀ ਲੱਗੀਆਂ। ਘਟਨਾ ਤੋਂ ਬਾਅਦ ਹਮਲਾਵਰ ਕੰਵਲਪ੍ਰੀਤ ਸਿੰਘ, ਪਿੰਡ ਸਮੇਵਾਲੀ ਤੋਂ ਫਰਾਰ ਹੋ ਗਿਆ।
ਸੁਮੀਤ ਕੋਰ ਨੇ ਜ਼ਖਮੀ ਹਾਲਤ ‘ਚ ਬਹਾਦਰੀ ਨਾਲ ਆਪਣੀ ਮਾਂ ਨੂੰ ਗੱਡੀ ‘ਚ ਬਿਠਾਇਆ ਤੇ ਲਗਭਗ 28 ਕਿਲੋਮੀਟਰ ਦੂਰ ਗੱਡੀ ਚਲਾ ਕੇ ਹਸਪਤਾਲ ਪਹੁੰਚੀ ਗਈ। ਜਿਸ ਨੂੰ ਵੇਖ ਕੇ ਹਸਪਤਾਲ ਡਾਕਟਰ ਵੀ ਹੈਰਾਨ ਰਹਿ ਗਏ। ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸੁਮੀਤ ਕੋਰ (42) ਤੇ ਸੁਖਜਿੰਦਰ ਕੋਰ (ਦਾਦੀ) ਹੁਣ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਸੁਮੀਤ ਕੋਰ ਦੇ 3 ਗੋਲੀਆਂ ਖੋਪੜੀ ਤੇ 1 ਗੋਲੀ ਪਿੱਛੇ ਗਰਦਨ ‘ਚ ਫਸੀਆਂ ਹੋਈਆਂ ਸੀ, ਜਿਸ ਤੋਂ ਬਾਅਦ ਵੀ ਸੁਮੀਤ ਕੋਰ ਹੋਸ਼ ‘ਚ ਸੀ।
ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸੁਮੀਤ ਕੋਰ ਦੇ ਭਤੀਜੇ ਕੰਵਰਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸੁਮੀਤ ਕੋਰ ਤਲਾਕਸ਼ੁਦਾ ਹੈ, ਤੇ ਉਹ ਆਪਣੀ ਮਾਤਾ ਸੁਖਜਿੰਦਰ ਕੋਰ ਨਾਲ ਪਿੰਡ ਸਮੇਵਾਲੀ ‘ਚ ਹੀ ਰਹਿੰਦੀ ਸੀ।
ਸੁਮੀਤ ਕੋਰ ਨੇ ਦੱਸਿਆ ਕਿ ਹਮਲਾਵਰ ਕੰਵਰਪ੍ਰੀਤ ਸਿੰਘ ਆਪਣੇ ਪਿਤਾ ਹਰਿੰਦਰ ਸਿੰਘ ਨਾਲ ਮੁਕਤਸਰ ਅਬੋਹਰ ਰੋਡ, ਗਲੀ ਨੰਬਰ 7 ‘ਚ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਪਣੇ ਭਰਾ ਨਾਲ ਜੱਦੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੰਵਲਪ੍ਰੀਤ ਮੰਗਲਵਾਰ ਦੀ ਸ਼ਾਮ ਉਨ੍ਹਾਂ ਦੇ ਘਰ ਰਹਿਣ ਲਈ ਆਇਆ ਤੇ ਬੁੱਧਵਾਰ ਦੀ ਸਵੇਰ ਉਸ ਨੇ ਆਪਣੀ ਕਾਰ ‘ਚੋਂ ਪਿਸਤੌਲ ਕੱਢ ਕੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।