ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਪਿਛਲੇ ਸਮੇਂ ਦੌਰਾਨ ਅਕਾਲ ਚਲਾਣ ਕਰਨ ਵਾਲੀਆਂ ਉੱਘੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਜਿਨ੍ਹਾਂ ਵਿੱਚ ਰਾਜਨੀਤਿਕ ਆਗੂ, ਆਜ਼ਾਦੀ ਘੁਲਾਟੀਏ ਅਤੇ ਨਾਮਵਰ ਆਰਟਿਸਟ ਸ਼ਾਮਲ ਸਨ।
16ਵੀਂ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੀ ਪਹਿਲੀ ਬੈਠਕ ਮੌਕੇ ਸਦਨ ਨੇ ਵਿਧਾਇਕ ਗੁਰਪ੍ਰੀਤ ਸਿੰਘ ਬੱਸੀ (ਗੋਗੀ), ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ, ਸਾਬਕਾ ਮੰਤਰੀਆਂ ਧਰਮਪਾਲ ਸੱਭਰਵਾਲ ਤੇ ਅਜੈਬ ਮੁਖਮੈਲਪੁਰ, ਸਾਬਕਾ ਰਾਜ ਸਭਾ ਮੈਂਬਰ ਹਰਵਿੰਦਰ ਸਿੰਘ ਹੰਸਪਾਲ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜੈਨ, ਸੁਖਵਿੰਦਰ ਸਿੰਘ ਬੁੱਟਰ ਤੇ ਭਾਗ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਸਦਨ ਨੇ ਆਜ਼ਾਦੀ ਘੁਲਾਟੀਆਂ ਕਰਨੈਲ ਸਿੰਘ, ਕਿੱਕਰ ਸਿੰਘ ਤੇ ਕੇਹਰ ਸਿੰਘ ਅਤੇ ਆਰਟਿਸਟ ਜਰਨੈਲ ਸਿੰਘ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ। ਸਦਨ ਵੱਲੋਂ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਦੀ ਪਤਨੀ ਜਸਪਾਲ ਕੌਰ ਤੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਪਿਤਾ ਲਾਲ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿਛਲੇ ਸਮੇਂ ਦੌਰਾਨ ਅਕਾਲ ਚਲਾਣਾ ਕਰਨ ਵਾਲੀਆਂ ਉੱਘੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਭਨਾਂ ਦੇ ਚਲੇ ਜਾਣ ਨਾਲ ਦੇਸ਼, ਕੌਮ ਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਸਦਨ ਵੱਲੋਂ ਵਿੱਛੜੀਆਂ ਸਖਸ਼ੀਅਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਦਾ ਮਤਾ ਪਾਸ ਕੀਤਾ ਗਿਆ। ਸਮੁੱਚੇ ਸਦਨ ਵੱਲੋਂ ਦੋ ਮਿੰਟ ਦਾ ਮੋਨ ਰੱਖਿਆ ਗਿਆ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਬੇਨਤੀ ਉੱਤੇ ਜਸਟਿਸ ਕੁਲਦੀਪ ਸਿੰਘ ਜੋ ਪਿਛਲੇ ਸਮੇਂ ਵਿੱਚ ਅਕਾਲ ਚਲਾਣਾ ਕਰ ਗਏ ਸਨ, ਦਾ ਨਾਮ ਵੀ ਸ਼ਰਧਾਂਜਲੀ ਭੇਂਟ ਵਾਲੀਆਂ ਸਖਸ਼ੀਅਤਾਂ ਵਿੱਚ ਸ਼ਾਮਲ ਕੀਤਾ ਗਿਆ।