PU ’ਚ ਵਿਦਿਆਰਥੀ ਦੀ ਮੌਤ, ਹੋਸਟਲ ਦੇ ਕਮਰੇ ‘ਚੋਂ ਮਿਲੀ ਮ੍ਰਿਤਕ ਦੇਹ

Global Team
3 Min Read

ਚੰਡੀਗੜ੍ਹ: ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਇੱਕ 22 ਸਾਲਾ ਵਿਦਿਆਰਥੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਮੁੰਡਿਆ ਦੇ ਹੋਸਟਲ ਨੰਬਰ-4 ਦੇ ਆਪਣੇ ਕਮਰੇ ਵਿੱਚ ਫਾਹੇ ਨਾਲ ਲਟਕਿਆ ਮਿਲਿਆ। ਮ੍ਰਿਤਕ ਦੀ ਪਛਾਣ ਪਾਣੀਪਤ ਵਾਸੀ ਚੈਤਨਿਆ ਸਿੰਘ ਵਜੋਂ ਹੋਈ ਹੈ। ਉਹ ਬੀਏਐਲਐਲਬੀ ਦੇ ਪੰਜਵੇਂ ਸਾਲ ਵਿੱਚ ਪੜ੍ਹ ਰਿਹਾ ਸੀ।

ਸਵੇਰ ਤੋਂ ਫੋਨ ਦਾ ਜਵਾਬ ਨਹੀਂ ਦਿੱਤਾ

ਪਰਿਵਾਰਕ ਮੈਂਬਰਾਂ ਮੁਤਾਬਕ ਚੈਤਨਿਆ ਸ਼ਨੀਵਾਰ ਸਵੇਰ ਤੋਂ ਫੋਨ ਨਹੀਂ ਚੁੱਕ ਰਿਹਾ ਸੀ। ਜਦੋਂ ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਰਾਤ ਕਰੀਬ 8 ਵਜੇ ਉਸ ਦੇ ਸਾਥੀ ਵਿਦਿਆਰਥੀ ਹੋਸਟਲ ਸਥਿਤ ਕਮਰੇ ਵਿੱਚ ਪਹੁੰਚੇ।

ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫੀ ਦੇਰ ਤੱਕ ਆਵਾਜ਼ ਦੇਣ ਦੇ ਬਾਵਜੂਦ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਵਿਦਿਆਰਥੀਆਂ ਨੇ ਦਰਵਾਜ਼ਾ ਤੋੜ ਦਿੱਤਾ। ਅੰਦਰ ਚੈਤਨਿਆ ਮ੍ਰਿਤ ਮਿਲਿਆ। ਸੁਰੱਖਿਆ ਗਾਰਡ ਅਤੇ ਵਿਦਿਆਰਥੀਆਂ ਦੀ ਮਦਦ ਨਾਲ ਉਸ ਨੂੰ ਹੇਠਾਂ ਲਿਆਂਦਾ ਗਿਆ ਅਤੇ ਐਂਬੂਲੈਂਸ ਰਾਹੀਂ ਪੀਜੀਆਈ ਐਮਰਜੈਂਸੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

CFSL ਟੀਮ ਨੇ ਇਕੱਠੇ ਕੀਤੇ ਸਬੂਤ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਰਾਤ ਕਰੀਬ ਪੌਣੇ 11 ਵਜੇ CFSL ਦੀ ਟੀਮ ਵੀ ਹੋਸਟਲ ਪਹੁੰਚੀ ਅਤੇ ਕਮਰੇ ਦੀ ਜਾਂਚ ਕੀਤੀ। ਟੀਮ ਨੇ ਫਿੰਗਰਪ੍ਰਿੰਟਸ ਸਮੇਤ ਹੋਰ ਜ਼ਰੂਰੀ ਸਬੂਤ ਇਕੱਠੇ ਕੀਤੇ।

ਪੁਲਿਸ ਨੇ ਚੈਤਨਿਆ ਦਾ ਮੋਬਾਈਲ ਫੋਨ ਅਤੇ ਕਮਰੇ ਵਿੱਚ ਮੌਜੂਦ ਹੋਰ ਸਾਮਾਨ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੌਕੇ ਤੋਂ ਕੋਈ ਸੁਸਾਈਡ ਨੋਟ ਮਿਲਣ ਦੀ ਜਾਣਕਾਰੀ ਨਹੀਂ ਹੈ।

ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਸੀ

ਚੈਤਨਿਆ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਅਤੇ ਚੋਣ ਗਤੀਵਿਧੀਆਂ ਵਿੱਚ ਸਰਗਰਮ ਰਹਿੰਦਾ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਐਡਵੋਕੇਟ ਆਸ਼ੀਸ਼ ਬਿਨੋਈ ਅਤੇ ਹੋਸਟਲ ਵਾਰਡਨ ਡਾ. ਨਵੀਨ ਕੁਮਾਰ ਮੁਤਾਬਕ, ਉਹ ਮਿਲਣਸਾਰ, ਸਰਗਰਮ ਅਤੇ ਹੋਣਹਾਰ ਵਿਦਿਆਰਥੀ ਸੀ। ਕਰੀਬ ਦੋ ਮਹੀਨੇ ਪਹਿਲਾਂ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਵੀ ਉਸ ਨੇ ਸਰਗਰਮ ਭੂਮਿਕਾ ਨਿਭਾਈ ਸੀ।

ਸਾਥੀ ਵਿਦਿਆਰਥੀਆਂ ਅਤੇ ਅਧਿਆਪਕਾਂ ਮੁਤਾਬਕ ਚੈਤਨਿਆ ਆਮ ਤੌਰ ’ਤੇ ਬਿਲਕੁਲ ਸਧਾਰਨ ਨਜ਼ਰ ਆਉਂਦਾ ਸੀ ਅਤੇ ਉਸ ਦੇ ਵਿਵਹਾਰ ਤੋਂ ਕਿਸੇ ਪਰੇਸ਼ਾਨੀ ਦਾ ਪਤਾ ਨਹੀਂ ਲੱਗਦਾ ਸੀ।

ਪੁਲਿਸ ਕਰ ਰਹੀ ਹੈ ਜਾਂਚ

ਘਟਨਾ ਤੋਂ ਬਾਅਦ ਯੂਨੀਵਰਸਿਟੀ ਦੇ ਚੀਫ ਪ੍ਰਾਕਟਰ ਪ੍ਰੋ. ਵਾਈਪੀ ਵਰਮਾ ਅਤੇ ਚੀਫ ਆਫ ਯੂਨੀਵਰਸਿਟੀ ਸਕਿਓਰਿਟੀ ਵਿਕਰਮ ਸਿੰਘ ਵੀ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਮੌਤ ਦੇ ਕਾਰਨ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਅਤੇ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਹੋਵੇਗੀ। ਇਸ ਦੇ ਨਾਲ ਹੀ ਮੋਬਾਈਲ ਫੋਨ, ਕਾਲ ਡਿਟੇਲ, ਚੈਟ ਅਤੇ CCTV ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Share This Article
Leave a Comment