ਚੰਡੀਗੜ੍ਹ: ਪੰਜਾਬ ਆਉਣ ਵਾਲੇ ਹਰ ਵਿਅਕਤੀ ਦਾ ਹੁਣ ਕੋਰੋਨਾ ਟੈਸਟ ਲਾਜ਼ਮੀ ਕੀਤਾ ਜਾਵੇਗਾ। ਪੰਜਾਬ ‘ਚ ਬਾਹਰ ਤੋਂ ਆਉਣ ਵਾਲਾ ਹਰ ਵਿਅਕਤੀ ਹੁਣ ਸਰਕਾਰੀ ਕੁਅਾਰੰਟੀਨ ਵਿੱਚ ਰਹਿਣਾ ਹੋਵੇਗਾ। ਗ੍ਰਹਿ ਵਿਭਾਗ ਨੇ ਇਹ ਫੈਸਲਾ ਸ੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ ਇਸ ਫੈਸਲੇ ਵਿੱਚ ਦੇਰ ਹੋ ਗਈ ਹੈ। ਕਈ ਸ਼ਰਧਾਲੂ ਘਰ ਪਹੁੰਚ ਚੁੱਕੇ ਹਨ ਤੇ ਇਨ੍ਹਾਂ ਵਿਚੋਂ ਅੱਠ ਪਾਜ਼ਿਟਿਵ ਪਾਏ ਗਏ ਹਨ।
ਐਡਿਸ਼ਨਲ ਚੀਫ ਸੈਕਟਰੀ ਹੋਮ ਅਫੇਅਰਸ ਸਤੀਸ਼ ਚੰਦਰ ਨੇ ਕਿਹਾ ਕਿ ਹੁਣ ਪੰਜਾਬ ਆਉਣ ਵਾਲੇ ਹਰ ਵਿਅਕਤੀ ਦਾ ਟੈਸਟ ਕੀਤਾ ਜਾਵੇਗਾ ਅਤੇ ਜੇਕਰ ਇਹਨਾਂ ਦੀ ਰਿਪੋਰਟ ਨੇਗੇਟਿਵ ਵੀ ਆਈ ਤਾਂ ਇਨ੍ਹਾਂ ਨੂੰ 14 ਦਿਨ ਘਰ ਵਿੱਚ ਹੀ ਕੁਅਾਰੰਟੀਨ ਵਿੱਚ ਰਹਿਣਾ ਹੋਵੇਗਾ ਅਤੇ ਜੇਕਰ ਇਹ ਪਾਜ਼ਿਟਿਵ ਆਉਂਦੇ ਹਨ ਤਾਂ ਇਨ੍ਹਾਂ ਨੂੰ ਸਰਕਾਰ ਇਲਾਜ ਲਈ ਹਸਪਤਾਲਾਂ ਵਿੱਚ ਭੇਜੇਗੀ।
ਉੱਥੇ ਹੀ ਰਾਜਸਥਾਨ ਦੇ ਕੋਟਾ ਤੋਂ ਬਠਿੰਡਾ ਦੇ 153 ਵਿਦਿਆਰਥੀ ਆਏ ਹਨ। ਉਨ੍ਹਾਂ ਨੂੰ ਵੀ ਸਰਕਾਰੀ ਤੌਰ ਤੇ ਕੁਅਾਰੰਟੀਨ ਕੀਤਾ ਗਿਆ ਹੈ।