ਚੰਡੀਗੜ੍ਹ: ਪੰਜਾਬ ਸਰਕਾਰ ਜਲਦ ਹੀ ਹੋਰ ਪੇਂਡੂ ਅਦਾਲਤਾਂ ਸਥਾਪਤ ਕਰਨ ਜਾ ਰਹੀ ਹੈ। ਇਸ ਦੇ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕਰ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਇਹ ਫੈਸਲਾ ਲਿਆ ਹੈ। ਹਾਈ ਕੋਰਟ ਨੇ ਆਦੇਸ਼ ਦਿੱਤੇ ਸਨ ਕਿ ਪਿੰਡਾਂ ਵਿੱਚ ਆਸਾਨੀ ਅਤੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਦੇ ਲਈ ਸੂਬੇ ਵਿੱਚ ਸੱਤ ਹੋਰ ਪੇਂਡੂ ਅਦਾਲਤਾਂ ਸਥਾਪਤ ਕੀਤੀਆਂ ਜਾਣ।
ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਇਹ ਸੱਤ ਪੇਂਡੂ ਅਦਾਲਤਾਂ ਪਟਿਆਲਾ ਜ਼ਿਲ੍ਹੇ ਵਿੱਚ ਪਾਤੜਾਂ, ਬਰਨਾਲਾ ਵਿੱਚ ਤਪਾ, ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ, ਗੁਰਦਾਸਪੁਰ ਵਿਚ ਵਿੱਚ ਡੇਰਾ ਬਾਬਾ ਨਾਨਕ ਤੇ ਧਾਰ ਕਲਾਂ, ਲੁਧਿਆਣਾ ਵਿੱਚ ਰਾਏਕੋਟ ਅਤੇ ਰੂਪਨਗਰ ‘ਚ ਚਮਕੌਰ ਸਾਹਿਬ ਵਿਖੇ ਸਥਾਪਤ ਕੀਤੀਆਂ ਜਾਣਗੀਆਂ।
ਇਨ੍ਹਾਂ ਅਦਾਲਤਾਂ ਦਾ ਮਕਸਦ ਹੋਵੇਗਾ ਕਿ ਪਿੰਡਾਂ ਵਿੱਚ ਝਗੜੇ ਜਾਂ ਹੋਰ ਤਰ੍ਹਾਂ ਦੇ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਬੇੜਿਆ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਹਰੀ ਝੰਡੀ ਅਨੁਸਾਰ ਇਹ ਪੇਂਡੂ ਅਦਾਲਤਾਂ ਸਬ ਡਿਵੀਜ਼ਨਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਹੀ ਕਵਰ ਕਰਨਗੀਆਂ।