ਬਹੁਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਮੱਛੀ ਪਾਲਣ ਦੇ ਖੇਤਰ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦਰ ਕਰੇਗਾ ਪੰਜਾਬ: ਆਲੋਕ ਸ਼ੇਖਰ

Global Team
4 Min Read

ਚੰਡੀਗੜ੍ਹ: ਪੰਜਾਬ ਵੱਲੋਂ ਖੇਤੀ ਵਿਭਿੰਨਤਾ ਅਤੇ ਪੇਂਡੂ ਵਿਕਾਸ ਰਾਹੀਂ ਖੇਤੀਬਾੜੀ ਵਿਕਾਸ ਲਈ ਅਪਣਾਈਆਂ ਜਾ ਰਹੀਆਂ ਨਵੀਨਤਾਕਾਰੀ ਰਣਨੀਤੀਆਂ ਦੇ ਮੱਦੇਨਜ਼ਰ, ਪੰਜਾਬ ਦੇ ਵਧੀਕ ਮੁੱਖ ਸਕੱਤਰ, ਸਹਿਕਾਰਤਾ, ਅਲੋਕ ਸ਼ੇਖਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਪੈਕਸ) ਦੀ ਮਦਦ ਅਤੇ ਨਵੀਆਂ ਬਹੁਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਐਮ.ਪੈਕਸ) ਦੀ ਸਥਾਪਨਾ ਨਾਲ ਮੱਛੀ ਪਾਲਣ ਦੇ ਖੇਤਰ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਅੱਜ ਇੱਥੇ ਪੰਜਾਬ ਭਵਨ ਵਿਖੇ ਹੋਏ ‘ਸਹਿਕਾਰਤਾ ਸੰਮੇਲਨ ਪੰਜਾਬ’ ਦੌਰਾਨ ਅਲੋਕ ਸ਼ੇਖਰ ਨੇ ਡੇਅਰੀ ਅਧਾਰਤ ਸੁਸਾਇਟੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਸਹਿਕਾਰੀ ਸਭਾਵਾਂ ਦੀ ਮਦਦ ਨਾਲ ਮੱਛੀ ਪਾਲਣ ਨੂੰ ਹੁਲਾਰਾ ਦੇਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਸੂਬੇ ਦੇ ਤਾਲਾਬਾਂ ਦੇ ਵਿਆਪਕ ਨੈੱਟਵਰਕ ਨੂੰ ਮੁੜ ਸੁਰਜੀਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਹ ਸਮਾਗਮ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨ ਅਤੇ ਨਵੀਂ ਬਹੁਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਸਥਾਪਨਾ ਲਈ ਦੇਸ਼ ਵਿਆਪੀ ਪਹਿਲਕਦਮੀ ਦਾ ਹਿੱਸਾ ਸੀ।

ਸ਼ੇਖਰ ਨੇ ਕਿਹਾ ਕਿ ਪੰਜਾਬ ਵਿੱਚ 13,000 ਦੇ ਕਰੀਬ ਪਿੰਡ ਹਨ, ਜਿਨ੍ਹਾਂ ਵਿੱਚ ਲਗਭਗ 18,000 ਛੱਪੜ ਹਨ ਜੋ ਮੱਛੀ ਪਾਲਣ ਦੇ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤੇ ਤਾਲਾਬ ਸਮੇਂ ਦੇ ਨਾਲ ਸੁੱਕ ਗਏ ਹਨ, ਜਿੰਨ੍ਹਾਂ ਨੂੰ ਪੁਨਰ ਸੁਰਜੀਤ ਕਰਨ ਲਈ ਫੌਰੀ ਯਤਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਛੱਪੜਾਂ ਨੂੰ ਮੁੜ ਸੁਰਜੀਤ ਕਰਨ ਨਾਲ ਨਾ ਸਿਰਫ਼ ਮੱਛੀ ਪਾਲਣ ਨੂੰ ਹੁਲਾਰਾ ਮਿਲੇਗਾ ਸਗੋਂ ਪੇਂਡੂ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਵੀ ਯੋਗਦਾਨ ਪਵੇਗਾ।

ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸ਼ੇਖਰ ਨੇ ਮੌਜੂਦਾ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਪੈਕਸ) ਨੂੰ ਉਤਸ਼ਾਹਿਤ ਕਰਨ ਅਤੇ ਨਵੀਆਂ ਬਹੁਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਪੈਕਸ) ਦੀ ਸਥਾਪਨਾ ਕਰਨ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੁਸਾਇਟੀਆਂ ਮੱਛੀ ਫਾਰਮਾਂ ਦੀ ਸਥਾਪਨਾ, ਉਤਪਾਦਾਂ ਦੇ ਮੰਡੀਕਰਨ ਅਤੇ ਕਿਸਾਨਾਂ ਨੂੰ ਲਾਹੇਵੰਦ ਭਾਅ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾ ਦੇ ਇੱਕ ਪ੍ਰਤੀਨਿਧੀ ਕਿਸਾਨ ਦੇ ਸੁਝਾਅ ਦਾ ਸੁਆਗਤ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਅਤੇ ਹੋਰ ਭਾਈਵਾਲਾਂ ਨਾਲ ਲਗਾਤਾਰ ਅਜਿਹੇ ਸੈਸ਼ਨ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਫੀਡਬੈਕ ਪ੍ਰਣਾਲੀ ਨੂੰ ਮਜ਼ਬੂਤ ਕਰਨ, ਸ਼ਿਕਾਇਤਾਂ ਨੂੰ ਹੱਲ ਕਰਨ, ਅਤੇ ਵਿਚਾਰ-ਚਰਚਾ ਰਾਹੀਂ ਨਵੀਨਤਾਕਾਰੀ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਮਹੱਤਵਪੂਰਨ ਪਲੇਟਫਾਰਮ ਪ੍ਰਦਾਨ ਕਰੇਗਾ। ਇਸ ਮੰਤਵ ਲਈ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਵਿਕਾਸ ਲਈ ਇੱਕ ਮਜ਼ਬੂਤ ਅਤੇ ਮੁਕੰਮਲ ਪਹੁੰਚ ਨੂੰ ਯਕੀਨੀ ਬਣਾਉਂਦੇ ਹੋਏ, ਜ਼ਿਲ੍ਹਾ ਅਤੇ ਰਾਜ ਦੋਵਾਂ ਪੱਧਰਾਂ ‘ਤੇ ਅਜਿਹੇ ਸਮਾਗਮਾਂ ਨੂੰ ਕਰਵਾਉਂਦੇ ਰਹਿਣ।

ਇਸ ਤੋਂ ਪਹਿਲਾਂ, ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਡਾਇਰੈਕਟਰ, ਸੂਚਨਾ ਅਤੇ ਲੋਕ ਸੰਪਰਕ, ਵਿਮਲ ਕੁਮਾਰ ਸੇਤੀਆ ਨੇ ਵਧੀਕ ਮੁੱਕ ਸਕੱਤਰ, ਸਹਿਕਾਰਤਾ, ਅਲੋਕ ਸ਼ੇਖਰ, ਸਕੱਤਰ, ਸਹਿਕਾਰਤਾ, ਰਿਤੂ ਅਗਰਵਾਲ ਅਤੇ ਹੋਰ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸੇਤੀਆ ਨੇ ਪੰਜਾਬ ਵਿੱਚ ਸਹਿਕਾਰਤਾ ਲਹਿਰ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਮੋਹਰੀ ਉਪਰਾਲਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਪੰਜਾਬ ਦੀ ਸਹਿਕਾਰੀ ਲਹਿਰ ‘ਤੇ ਪਰਿਵਰਤਨਸ਼ੀਲ ਪ੍ਰਭਾਵ ਪੈਣ ਦੀ ਉਮੀਦ ਹੈ, ਜਿਸ ਨਾਲ ਸਹਿਕਾਰੀ ਸਭਾਵਾਂ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਨ, ਕਿਸਾਨਾਂ ਦੀ ਆਮਦਨ ਨੂੰ ਵਧਾਉਣ ਅਤੇ ਸੂਬੇ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੇ ਯੋਗ ਬਣ ਸਕਦੀਆਂ ਹਨ। ਉਨ੍ਹਾਂ ਨੇ ਅੱਜ ਦੇ ਸਮਾਗਮ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਇਸ ਲਾਭਕਾਰੀ ਅਤੇ ਮਹੱਤਵਪੂਰਨ ਸੰਮੇਲਨ ਲਈ ਮੁੱਢ ਬੰਨ੍ਹਿਆ।

Share This Article
Leave a Comment