ਪੰਜਾਬ ਦੇ ਦੋ ਸ਼ਹਿਰਾਂ ’ਚ ਕੋਰੋਨਾ ਵੈਕਸੀਨ ਦੇ ਡ੍ਰਾਈ ਰਨ ਦਾ ਪਹਿਲਾ ਪੜਾਅ ਸਫ਼ਲਤਾਪੂਰਵਕ ਮੁਕੰਮਲ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੋਰੋਨਾ ਟੀਕੇ ਦੀ ਵੰਡ ਤੋਂ ਪਹਿਲਾਂ ਅੱਜ ਦੋ ਜ਼ਿਲਿਆਂ ਲੁਧਿਆਣਾ ਅਤੇ ਐਸ ਬੀ ਐਸ ਨਗਰ ਵਿੱਚ 12 ਥਾਵਾਂ ’ਤੇ ਕੋਰੋਨਾ ਟੀਕੇ ਦੇ ਡ੍ਰਾਈ ਰਨ ਦਾ ਪਹਿਲਾ ਪੜਾਅ ਸਫ਼ਲਤਾਪੂਰਵਕ ਮੁਕੰਮਲ ਕੀਤਾ ਗਿਆ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਵਿੱਚੋਂ 25 ਲਾਭਪਾਤਰੀਆਂ ਦੀ ਤਰਜੀਹ ਦੇ ਅਧਾਰ ’ਤੇ ਪਛਾਣ ਕੀਤੀ ਗਈ ਹੈ ਅਤੇ ਇਨਾਂ ਦੇ ਲੋੜੀਂਦੇ ਵੇਰਵੇ ਭਾਰਤ ਸਰਕਾਰ ਵੱਲੋਂ ਡ੍ਰਾਈ ਰਨ ਲਈ ਬਣਾਏ ਗਏ ਪੋਰਟਲ ਉੱਤੇ ਅਪਲੋਡ ਕਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਪੋਰਟਲ ’ਤੇ ਅਪਲੋਡ ਸੈਸ਼ਨ ਸਾਈਟਾਂ, ਟੀਕੇ ਦੀ ਵੰਡ ਸਬੰਧੀ ਕੋਲਡ ਚੇਨ ਪੁਆਇੰਟਸ ਨਾਲ ਜੁੜੀਆਂ ਹੋਈਆਂ ਹਨ।

ਟੀਕਾਕਰਨ ਪ੍ਰੋਗਰਾਮ ਲਈ ਨਿਯੁਕਤ ਕੀਤੀਆਂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਇੱਕ ਟੀਕਾਕਰਨ ਅਧਿਕਾਰੀ ਅਤੇ 4 ਹੋਰ ਟੀਮ ਮੈਂਬਰਾਂ ਦੀ ਪਛਾਣ ਕੀਤੀ ਗਈ ਹੈ ਅਤੇ ਪ੍ਰਕਿਰਿਆ ਲਈ ਤਿਆਰ ਕੀਤੇ ਗਏ ਮਾਈਕਰੋ- ਪਲਾਨ ਅਨੁਸਾਰ ਟੀਕਾਕਰਨ ਵਾਲੀਆਂ ਟੀਮਾਂ ਨੂੰ ਸਾਰੀਆਂ 12 ਥਾਵਾਂ ’ਤੇ ਟੀਕਾਕਰਨ ਵਾਲੀ ਥਾਂ ਨਿਰਧਾਰਤ ਕੀਤੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਡ੍ਰਾਈ ਰਨ ਦੇ ਪਹਿਲੇ ਪੜਾਅ ਦਾ ਜਾਇਜ਼ਾ ਲੈਣ ਲਈ ਸੁਪਰਵਾਈਜ਼ਰਾਂ ਦੀ ਟੀਮ ਵੀ ਨਿਯੁਕਤ ਕੀਤੀ ਗਈ ਹੈ ਤਾਂ ਜੋ ਐਸ.ਓ.ਪੀਜ਼ ਅਨੁਸਾਰ ਸਾਰੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਇਆ ਜਾ ਸਕੇ।

ਲਾਭਪਾਤਰੀਆਂ ਲਈ ਟੀਕਾਕਰਨ ਵਾਲੀਆਂ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਅਤੇ ਉਨਾਂ ਨੂੰ ਟੀਕਾਕਰਨ ਦੀ ਮਿਤੀ, ਸਮੇਂ ਅਤੇ ਸਥਾਨ ਅਤੇ ਪਛਾਣ ਕੀਤੇ ਤੇ ਟੀਕਾਕਰਨ ਵਾਲੀਆਂ ਥਾਵਾਂ ਨਾਲ ਜੁੜੇ ਏ.ਈ.ਐਫ.ਆਈ. ਮੈਨੇਜਮੈਂਟ ਸੈਂਟਰਾਂ ਬਾਰੇ ਜਾਣਕਾਰੀ ਦੇਣ ਲਈ ਐਸ.ਐਮ.ਐਸ. ਭੇਜਿਆ ਗਿਆ। ਸਿੱਧੂ ਨੇ ਕਿਹਾ ਕਿ 29 ਦਸੰਬਰ ਨੂੰ ਲਾਭਪਾਤਰੀਆਂ ਦੀਆਂ ਸੂਚੀਆਂ ਪ੍ਰਿਂਟ ਕਰਕੇ ਟੀਕਾਕਰਨ ਟੀਮਾਂ ਨੂੰ ਦਿੱਤੀਆਂ ਜਾਣਗੀਆਂ। ਲਾਭਪਾਤਰੀ ਨਿਰਧਾਰਤ ਥਾਂ ’ਤੇ ਪਹੁੰਚਣਗੇ ਅਤੇ ਪੋਰਟਲ ’ਤੇ ਉਨਾਂ ਦੀ ਜਾਂਚ ਕੀਤੀ ਜਾਵੇਗੀ। ਉਹ ਪ੍ਰਕਿਰਿਆ ਦੀ ਪਾਲਣਾ ਕਰਨਗੇ ਅਤੇ 30 ਮਿੰਟ ਤੱਕ ਇੰਤਜ਼ਾਰ ਕਰਨਗੇ। ਉਨਾਂ ਕਿਹਾ ਕਿ ਬਾਇਓਮੈਡੀਕਲ ਕੂੜੇ ਦੇ ਪ੍ਰਬੰਧਨ ਦੀ ਵਿਵਸਥਾ ਵੀ ਕੀਤੀ ਗਈ ਹੈ। 104 ਹੈਲਪਲਾਈਨ ’ਤੇ ਕਾਲ ਕਰਕੇ ਜਾਂਚ ਕੀਤੀ ਗਈ ਅਤੇ ਹੈਲਪਲਾਈਨ ਆਪਰੇਟਰਾਂ ਦੁਆਰਾ ਸਾਰੇ ਲਾਭਪਾਤਰੀਆਂ ਨੂੰ ਸਹੀ ਜਾਣਕਾਰੀ ਦਿੱਤੀ ਗਈ।

Share This Article
Leave a Comment