ਪੰਜਾਬ ਦੇ ਬੱਚੇ ਬਣਨਗੇ CM, ਮੰਤਰੀ ਤੇ ਵਿਰੋਧੀ ਧਿਰ ਦਾ ਨੇਤਾ, ਪਹਿਲੀ ਵਾਰ ਸੂਬੇ ‘ਚ ਹੋਵੇਗਾ ਵਿਦਿਆਰਥੀ ਸੈਸ਼ਨ

Global Team
3 Min Read

ਚੰਡੀਗੜ੍ਹ: ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਇਕ ਵਿਸ਼ੇਸ਼ ‘ਵਿਦਿਆਰਥੀ ਸੈਸ਼ਨ’ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੈਸ਼ਨ ਵਿੱਚ ਸੂਬੇ ਭਰ ਤੋਂ ਚੁਣੇ ਗਏ ਵਿਦਿਆਰਥੀ ਮੁੱਖ ਮੰਤਰੀ, ਮੰਤਰੀ, ਵਿਧਾਇਕਾਂ  ਅਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੇ। ਇਸ ਪ੍ਰੋਗਰਾਮ ਦਾ ਮਕਸਦ ਨੌਜਵਾਨਾਂ ਨੂੰ ਲੋਕਤੰਤਰ ਦੀ ਪ੍ਰਕਿਰਿਆ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਰਾਜਨੀਤੀ ਵਿੱਚ ਸਕਾਰਾਤਮਕ ਭਾਗੀਦਾਰੀ ਲਈ ਪ੍ਰੇਰਿਤ ਕਰਨਾ ਹੈ। ਇਹ ਵਿਸ਼ੇਸ਼ ਵਿਦਿਆਰਥੀ ਸੈਸ਼ਨ 26 ਨਵੰਬਰ ਨੂੰ ਆਯੋਜਿਤ ਕੀਤਾ ਜਾਵੇਗਾ।

ਇਹ ਸੈਸ਼ਨ ਪੂਰੀ ਤਰ੍ਹਾਂ ਅਸਲ ਵਿਧਾਨ ਸਭਾ ਇਜਲਾਸ ਵਾਂਗ ਹੀ ਹੋਵੇਗਾ, ਜਿਸ ਦੀ ਅਗਵਾਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਰਨਗੇ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ  ਤਾਂ ਜੋ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਣ ਅਤੇ ਲੋਕਤੰਤਰਕ ਪ੍ਰਣਾਲੀ ਨੂੰ ਸਮਝ ਸਕਣ।

ਇਸ ਲਈ ਸਿੱਖਿਆ ਵਿਭਾਗ ਅਤੇ ਵਿਧਾਨ ਸਭਾ ਸਕੱਤਰੇਤ ਮਿਲ ਕੇ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਪੂਰੀ ਕਰਨਗੇ। ਦੋਵੇਂ ਵਿਭਾਗਾਂ ਵਿਚਾਲੇ ਇਸ ਸਬੰਧੀ ਕਈ ਬੈਠਕਾਂ ਹੋ ਚੁੱਕੀਆਂ ਹਨ। ਚੁਣੇ ਗਏ ਵਿਦਿਆਰਥੀਆਂ ਨੂੰ ਕੁਝ ਦਿਨਾਂ ਦੀ ਟ੍ਰੇਨਿੰਗ ਪ੍ਰਕਿਰਿਆ ਵਿੱਚ ਵਿਧਾਨ ਸਭਾ ਦੀ ਕਾਰਵਾਈ, ਪ੍ਰਸ਼ਨਕਾਲ, ਮੁਲਤਵੀ ਪ੍ਰਸਤਾਵ, ਸਿਫਰ ਕਾਲ ਅਤੇ ਬਿੱਲ ਪਾਸ ਕਰਨ ਦੀ ਪੂਰੀ ਪ੍ਰਕਿਰਿਆ ਸਿਖਾਈ ਜਾਵੇਗੀ।

ਇਸ ਸੈਸ਼ਨ ਵਿੱਚ ਇਕ ਵਿਦਿਆਰਥੀ ਮੁੱਖ ਮੰਤਰੀ ਦੀ ਭੂਮਿਕਾ ਨਿਭਾਏਗਾ, ਕੁਝ ਵਿਦਿਆਰਥੀ ਮੰਤਰੀ ਬਨਣਗੇ, ਜਦਕਿ ਹੋਰ ਵਿਦਿਆਰਥੀ ਵਿਰੋਧੀ ਧਿਰ ਤੇ ਵਿਧਾਇਕਾਂ ਦੀ ਭੂਮਿਕਾ ਅਦਾ ਕਰਨਗੇ। ਸੈਸ਼ਨ ਦੌਰਾਨ ਉਹ ਸਰਕਾਰ ਦੇ ਕੰਮਕਾਜ ਬਾਰੇ ਸਵਾਲ ਪੁੱਛਣਗੇ, ਚਰਚਾ ਕਰਨਗੇ ਅਤੇ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਕਾਰਵਾਈ ਵਿੱਚ ਹਿੱਸਾ ਲੈਣਗੇ। ਇਸ ਬਿਲਕੁਲ ਅਸਲ ਸੈਸ਼ਨ ਦੀ ਤਰ੍ਹਾਂ ਹੋਵੇਗਾ।

ਵਿਦਿਆਰਥੀ ਸੱਤਾਪੱਖ ਅਤੇ ਵਿਰੋਧੀ ਧਿਰਾਂ ਦੀ ਭੂਮਿਕਾ ਨਿਭਾਉਂਦੇ ਹੋਏ ਵਿਚਾਰ-ਵਟਾਂਦਰਾ ਕਰਨਗੇ, ਪ੍ਰਸ਼ਨ ਪੁੱਛਣਗੇ ਅਤੇ ਬਿਲ ਪੇਸ਼ ਕਰਕੇ ਉਸ ‘ਤੇ ਚਰਚਾ ਵੀ ਕਰਨਗੇ।

ਇਸ ਵਿਦਿਆਰਥੀ ਸੈਸ਼ਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਲੋਕਤੰਤਰਕ ਮੁੱਲਾਂ, ਸੰਵਿਧਾਨ ਅਤੇ ਵਿਧਾਇਕੀ ਕਾਰਵਾਈ ਦੀ ਅਸਲੀ ਸਮਝ ਦੇਣਾ ਹੈ। ਜਦੋਂ ਵਿਦਿਆਰਥੀ ਖੁਦ ਵਿਧਾਨ ਸਭਾ ਦੀ ਕਾਰਵਾਈ ਦਾ ਹਿੱਸਾ ਬਣਣਗੇ ਤਾਂ ਉਦੋਂ ਉਹ ਜਾਨਣਗੇ ਕਿ ਕਿਸ ਤਰ੍ਹਾਂ ਸੂਬੇ ਵਿੱਚ ਨੀਤੀਆਂ ਬਣਦੀਆਂ ਹਨ, ਉਨ੍ਹਾਂ ‘ਤੇ ਚਰਚਾ ਹੁੰਦੀ ਹੈ ਅਤੇ ਉਹ ਕਿਵੇਂ ਲਾਗੂ ਹੁੰਦੀਆਂ ਹਨ।

ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਸੈਸ਼ਨ ਹਰ ਸਾਲ ਆਯੋਜਿਤ ਕੀਤੇ ਜਾਣਗੇ ਤਾਂ ਜੋ ਨੌਜਵਾਨ ਸਿੱਧੇ ਤੌਰ ‘ਤੇ ਸ਼ਾਸਨ ਪ੍ਰਣਾਲੀ ਨਾਲ ਜੁੜ ਸਕਣ।

Share This Article
Leave a Comment