ਜਗਤਾਰ ਸਿੰਘ ਸਿੱਧੂ;
ਸਮੁੱਚੇ ਪੰਜਾਬ ਨੇ ਅੱਜ ਮੰਡੀਕਰਨ ਨਾਲ ਸਬੰਧਤ ਕੇਂਦਰੀ ਖੇਤੀ ਖਰੜੇ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਨੇ ਮਤਾ ਲਿਆਕੇ ਕੇਂਦਰ ਦੇ ਤਿੰਨ ਨਵੇਂ ਖੇਤੀ ਖਰੜੇ ਰੱਦ ਕਰ ਦਿੱਤੇ ਹਨ। ਐਨ ਇਸ ਮੌਕੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਵਲੋਂ ਕੇਂਦਰੀ ਖੇਤੀ ਖਰੜੇ ਨੂੰ ਰੱਦ ਕਰਨਾ ਚੰਗਾ ਕਦਮ ਹੈ ਪਰ ਬਾਕੀ ਰਹਿੰਦੀਆਂ ਮੰਗਾਂ ਲਈ ਚੰਡੀਗੜ ਵਿਖੇ ਪੰਜ ਮਾਰਚ ਤੋਂ ਪੱਕਾ ਮੋਰਚਾ ਲਾਇਆ ਜਾਵੇਗਾ। ਕੌਮੀ ਪੱਧਰ ਤੇ ਦੇਸ਼ ਦੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਮੋਰਚਾ ਲਾਉਣ ਲੱਗੀਆਂ ਹਨ ਅਤੇ ਇਸਲਈ ਸਭ ਰਾਜਾਂ ਵਿੱਚ ਤਿਆਰੀਆਂ ਚੱਲ ਰਹੀਆਂ ਹਨ। ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ, ਰਾਮਿੰਦਰ ਸਿੰਘ, ਬੂਟਾ ਸਿੰਘ ਅਤੇ ਹਰਿੰਦਰ ਸਿੰਘ ਲਖੋਵਾਲ ਅਤੇ ਹੋਰਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗਲ ਵੱਜ ਚੁੱਕਾ ਹੈ ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੀ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਦਾ ਸਪੱਸ਼ਟ ਤੌਰ ਤੇ ਕਹਿਣਾ ਹੈ ਕਿ ਫ਼ਸਲਾਂ ਦੇ ਭਾਅ ਲਈ ਘੱਟੋ-ਘੱਟ ਗਾਰੰਟੀ ਕਾਨੂੰਨ ਲਾਗੂ ਕਰਵਾਉਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ।
ਪੰਜਾਬ ਵਿਧਾਨ ਸਭਾ ਦੇਸ਼ ਦੇ ਸੂਬਿਆਂ ਦੀ ਪਹਿਲੀ ਅਜਿਹੀ ਵਿਧਾਨ ਸਭਾ ਬਣ ਗਈ ਜਿਸ ਵਲੋਂ ਕੇਂਦਰ ਦੇ ਤਿੰਨ ਨਵੇਂ ਖੇਤੀ ਖਰੜੇ ਮਤਾ ਲਿਆਕੇ ਰੱਦ ਕੀਤੇ ਗਏ। ਇਸ ਬਾਰੇ ਮਤਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਵਲੋਂ ਪੇਸ਼ ਕੀਤਾ ਗਿਆ। ਮਤੇ ਉੱਪਰ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦਾ ਨਵਾਂ ਖੇਤੀ ਖਰੜਾ ਪੁਰਾਣੇ ਰੱਦ ਹੋਏ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਹੀ ਬਦਲਵਾਂ ਰੂਪ ਹੈ। ਇਸ ਵਿੱਚ ਪ੍ਰਾਈਵੇਟ ਵਪਾਰੀਆਂ ਨੂੰ ਲਿਆਉਣ ਦੀ ਨਵੇਂ ਸਿਰੇ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਖਰੜੇ ਵਿੱਚ ਫਸਲਾਂ ਦੇ ਭਾਅ ਦੀ ਕਾਨੂੰਨੀ ਗਰੰਟੀ ਦੇਣ ਦਾ ਜਿਕਰ ਤਕ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਸਦਨ ਵਿੱਚ ਇੱਥੋਂ ਤੱਕ ਆਖ ਗਏ ਕਿ ਹੁਣ ਨਵੇਂ ਸਿਰੇ ਤੋਂ ਕਿਸਾਨ ਜਥੇਬੰਦੀਆਂ ਨਾਲ ਚੰਡੀਗੜ੍ਹ ਵਿਖੇ ਕੇਂਦਰ ਵਲੋ ਕੀਤੀ ਜਾ ਰਹੀ ਗੱਲਬਾਤ ਵਿੱਚ ਫਸਲਾਂ ਦੀ ਕਾਨੂੰਨੀ ਗਰੰਟੀ ਦੇਣ ਦੇ ਮੁੱਦੇ ਉੱਪਰ ਕੇਂਦਰ ਦਾ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਹੈ। ਕੇਂਦਰ ਤਾਂ ਆਪਣੇ ਖਰੜੇ ਰਾਹੀਂ ਖੇਤੀ ਲਈ ਕੰਟਰੈਕਟ ਸਿਸਟਮ ਲਾਗੂ ਕਰਨ ਦੀ ਤਾਕ ਵਿੱਚ ਹੈ ਜੋ ਕਿ ਕਿਸਾਨ ਪਹਿਲਾਂ ਹੀ ਰੱਦ ਕਰ ਚੁੱਕੇ ਹਨ।
ਮੁੱਖ ਮੰਤਰੀ ਮਾਨ ਨੇ ਅਮਰੀਕਾ ਵਲੋ ਡਿਪੋਰਟ ਹੋਕੇ ਆਉਣ ਵਾਲੇ ਭਾਰਤੀਆਂ ਦੇ ਤਿੰਨ ਜਹਾਜ਼ ਅੰਮ੍ਰਿਤਸਰ ਏਅਰ ਪੋਰਟ ਉੱਤੇ ਉਤਾਰਨ ਦਾ ਮੁੱਦਾ ਵੀ ਲੈਦੇ ਹੋਏ ਕਿਹਾ ਕਿ ਵਾਪਸ ਆਉਣ ਵਾਲੇ ਭਾਰਤੀਆਂ ਵਿੱਚ ਬਹੁਗਿਣਤੀ ਗੁਜਰਾਤ ਅਤੇ ਹਰਿਆਣਾ ਦੀ ਸੀ ਪਰ ਪੰਜਾਬ ਨੂੰ ਬਦਨਾਮ ਕਰਨ ਲਈ ਅਮਰੀਕਾ ਦੇ ਫ਼ੌਜੀ ਜਹਾਜ਼ ਅੰਮ੍ਰਿਤਸਰ ਏਅਰ ਪੋਰਟ ਤੇ ਉਤਾਰੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ।
ਸੰਪਰਕ 9814002186