ਟੋਕੀਓ ਉਲੰਪਿਕਸ ਲਈ ਪੰਜਾਬ ਪੱਬਾਂ ਭਾਰ; ਵੱਧ ਤੋਂ ਵੱਧ ਕੋਟਾ ਹਾਸਲ ਕਰਨਾ ਸਾਡਾ ਮੁੱਖ ਟੀਚਾ: ਰਾਣਾ ਸੋਢੀ

TeamGlobalPunjab
5 Min Read

ਚੰਡੀਗੜ੍ਹ: ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਟੋਕੀਓ ਉਲੰਪਿਕਸ-2021 ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ ਅਤੇ ਸੂਬੇ ਲਈ ਵੱਧ ਤੋਂ ਵੱਧ ਉਲੰਪਿਕ ਕੋਟਾ ਹਾਸਲ ਕਰਨਾ ਸਾਡਾ ਮੁੱਖ ਟੀਚਾ ਹੈ, ਜਿਸ ਦੀ ਪ੍ਰਾਪਤੀ ਲਈ ਖੇਡ ਵਿਭਾਗ ਦੀ ਅਗਵਾਈ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਅਤੇ ਹੋਰ ਸਬੰਧਤ ਸੰਸਥਾਵਾਂ ਦਿਨ-ਰਾਤ ਜੁਟੀਆਂ ਹੋਈਆਂ ਹਨ। ਰਾਣਾ ਸੋਢੀ ਨੇ ਇੱਥੇ ਪੰਜਾਬ ਮਿਊਂਸਿਪਲ ਭਵਨ ਵਿਖੇ ਸਾਲ 2017-18 ਦੌਰਾਨ ਸੂਬੇ ਲਈ ਨਾਮਣਾ ਖੱਟਣ ਵਾਲੇ 90 ਖਿਡਾਰੀਆਂ ਨੂੰ ਕਰੀਬ 1.66 ਕਰੋੜ ਰੁਪਏ ਦੀ ਰਾਸ਼ੀ ਦੀ ਵੰਡ ਕੀਤੀ।

ਇਸ ਵਿਸ਼ੇਸ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਖਿਡਾਰੀਆਂ ਨੂੰ ਮਾਲੀ ਸਹਾਇਤਾ ਮੁਹੱਈਆ ਕਰਨ ਦੇ ਅੱਜ ਪਹਿਲੇ ਪੜਾਅ ਦੀ ਸ਼ੁਰੂਆਤ ਨਾਲ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਵੱਡੇ ਮਾਅਰਕੇ ਮਾਰਨ ਵਾਲੇ ਖਿਡਾਰੀਆਂ ਦੇ ਸਨਮਾਨ ਦਾ ਵਾਅਦਾ ਪੂਰਾ ਹੋਇਆ ਹੈ। ਆਗਾਮੀ ਦਿਨਾਂ ਵਿੱਚ ਅਜਿਹੇ 1135 ਖਿਡਾਰੀਆਂ ਨੂੰ ਨਗਦ ਇਨਾਮਾਂ ਦੀ ਵੰਡ ਕੀਤੀ ਜਾਵੇਗੀ ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਖਿਡਾਰੀਆਂ ਦੇ ਸਨਮਾਨ ਵਿੱਚ ਪਹਿਲਾ ਹੀ ਕਾਫ਼ੀ ਦੇਰ ਹੋ ਚੁੱਕੀ ਹੈ।

ਖੇਡ ਮੰਤਰੀ ਨੇ ਕਿਹਾ ਕਿ ਅੱਜ ਜਿਹੜੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਉਹ ਸਾਲ 2017-18 ਦੌਰਾਨ ਕੌਮਾਂਤਰੀ, ਕੌਮੀ ਤੇ ਸੂਬਾ ਪੱਧਰ ਉਤੇ ਨਾਮਣਾ ਖੱਟ ਚੁੱਕੇ ਹਨ। ਇਨ੍ਹਾਂ ਖਿਡਾਰੀਆਂ ਨੂੰ ਕੁੱਲ 1,65,65,700 ਦੀ ਰਾਸ਼ੀ ਮੁਹੱਈਆ ਕੀਤੀ ਗਈ ਹੈ। ਇਨ੍ਹਾਂ 90 ਖਿਡਾਰੀਆਂ ਵਿੱਚ 36 ਕੌਮਾਂਤਰੀ ਪੱਧਰ ਦੇ ਖਿਡਾਰੀ ਹਨ, ਜਿਨ੍ਹਾਂ ਨੂੰ ਕੁੱਲ 1.26 ਕਰੋੜ ਦੀ ਇਨਾਮੀ ਰਾਸ਼ੀ ਦਿੱਤੀ ਗਈ, ਜਦੋਂ ਕਿ 54 ਕੌਮੀ ਪੱਧਰ ਦੇ ਖਿਡਾਰੀਆਂ ਨੂੰ ਕੁੱਲ 39.39 ਲੱਖ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਮਾਣ-ਸਨਮਾਨ ਨਾਲ ਉਨ੍ਹਾਂ ਉਭਰਦੇ ਖਿਡਾਰੀਆਂ ਨੂੰ ਉਤਸ਼ਾਹ ਮਿਲੇਗਾ, ਜਿਹੜੇ ਟੋਕੀਓ ਉਲੰਪਿਕਸ-2021 ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਨੇ ਅਜਿਹੇ ਖਿਡਾਰੀਆਂ ਨੂੰ 4.85 ਕਰੋੜ ਰੁਪਏ ਦੀ ਰਾਸ਼ੀ ਇਨਾਮ ਵਜੋਂ ਦੇਣ ਦਾ ਫ਼ੈਸਲਾ ਕੀਤਾ ਗਿਆ, ਜਿਸ ਵਿੱਚੋਂ 1.66 ਕਰੋੜ ਰੁਪਏ ਦੀ ਰਾਸ਼ੀ ਅੱਜ ਤਕਸੀਮ ਕੀਤੀ ਗਈ।

ਰਾਣਾ ਸੋਢੀ ਨੇ ਕਿਹਾ ਕਿ ਸਾਡਾ ਟੀਚਾ ਪੰਜਾਬ ਤੋਂ ਵੱਧ ਤੋਂ ਵੱਧ ਉਲੰਪਿਕ ਤਮਗ਼ਾ ਜੇਤੂ ਕੱਢਣਾ ਹੈ ਅਤੇ ਸਾਨੂੰ ਸਭ ਤੋਂ ਵੱਧ ਆਸਾਂ ਹਾਕੀ ਤੋਂ ਹਨ ਕਿਉਂਕਿ ਭਾਰਤੀ ਹਾਕੀ ਟੀਮ ਵਿੱਚ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਨਾਲ ਸਬੰਧਤ ਚੁਣੇ ਜਾਣ ਦੀ ਸੰਭਾਵਨਾ ਹੈ। ਇਸ ਸਮੇਂ ਬੰਗਲੌਰ ਵਿੱਚ ਲੱਗੇ ਤਿਆਰੀ ਕੈਂਪ ਵਿੱਚ ਕੁੱਲ 33 ਵਿੱਚੋਂ 17 ਖਿਡਾਰੀ ਪੰਜਾਬ ਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਖਿਡਾਰੀਆਂ ਦੇ ਟੀਮ ਵਿੱਚ ਚੁਣੇ ਜਾਣ ਦੀ ਸੰਭਾਵਨਾ ਹੈ। ਲੜਕੀਆਂ ਦੀ ਹਾਕੀ ਟੀਮ ਵਿੱਚ ਇਸ ਸਮੇਂ ਦੋ ਪੰਜਾਬਣ ਖਿਡਾਰਨਾਂ ਸ਼ਾਮਲ ਹੈ।

- Advertisement -

ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈੱਕ ਭੇਟ ਕਰਨ ਬਾਰੇ ਜਾਣਕਾਰੀ ਦਿੰਦਿਆਂ ਖੇਡ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਨੇ ਦੱਸਿਆ ਕਿ ਸਿਮਰਨਜੀਤ ਕੌਰ ਪਹਿਲੀ ਪੰਜਾਬਣ ਮੁੱਕੇਬਾਜ਼ ਹੈ, ਜਿਸ ਨੇ ਏਸ਼ੀਆ-ਓਸ਼ੈਨੀਆ ਕੁਆਲੀਫਾਈ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਓਲੰਪਿਕ ਵਿੱਚ ਥਾਂ ਬਣਾਈ। ਸਿਮਰਨਜੀਤ ਕੌਰ ਦੀ ਉਲੰਪਿਕ ਦੀ ਤਿਆਰੀ ਦਾ ਸਮੁੱਚਾ ਖ਼ਰਚਾ ਪੰਜਾਬ ਸਰਕਾਰ ਵੱਲੋਂ ਕਰਨ ਦੇ ਐਲਾਨ ਜ਼ਿਕਰ ਦਾ ਕਰਦਿਆਂ ਉਨ੍ਹਾਂ ਦੱਸਿਆ ਕਿ ਮੁਹਾਲੀ ਸਥਿਤ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਵੀ ਇਸ ਮੁੱਕੇਬਾਜ਼ ਨੇ ਤਿਆਰੀ ਕੀਤੀ। ਉਨ੍ਹਾਂ ਨਵੀਂ ਖੇਡ ਨੀਤੀ ਨੂੰ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਲਈ ਤਿਆਰ ਕਰਨ ਵਾਸਤੇ ਅਨੁਕੂਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਹੋਰ ਜਿਨ੍ਹਾਂ ਖਿਡਾਰੀਆਂ ਦੇ ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਉਲੰਪਿਕ ਵਿੱਚ ਵੱਡੀਆਂ ਮੱਲਾਂ ਮਾਰਨ ਦੀ ਆਸ ਹੈ, ਉਨ੍ਹਾਂ ਦੀ ਤਿਆਰੀ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਖਿਡਾਰੀਆਂ ਦੀ ਵਿਦੇਸ਼ੀ ਸਿਖਲਾਈ ਤੋਂ ਲੈ ਕੇ ਸਾਮਾਨ ਤੱਕ ਦੀ ਜਿੰਨੀ ਵੀ ਮਦਦ ਸੰਭਵ ਹੈ, ਉਹ ਮਦਦ ਮੁਹੱਈਆ ਕੀਤੀ ਜਾ ਰਹੀ ਹੈ।

ਨਵੀਂ ਖੇਡ ਨੀਤੀ ਦੇ ਕੌਮਾਂਤਰੀ ਪਿੜ ਲਈ ਖਿਡਾਰੀਆਂ ਦੀ ਤਿਆਰੀ ਵਿੱਚ ਮਦਦਗਾਰ ਹੋਣ ਦਾ ਦਾਅਵਾ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਕੋਚ ਅਤੇ ਹੋਰ ਉਪਕਰਨ ਵਰਗੀਆਂ ਸਹੂਲਤਾਂ ਮੁਹੱਈਆ ਕਰਨ ਦੇ ਨਾਲ-ਨਾਲ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਇਨ੍ਹਾਂ ਖਿਡਾਰੀਆਂ ਨੂੰ ਹਰੇਕ ਸਹੂਲਤ ਮੁਹੱਈਆ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਉਲੰਪਿਕ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜੇਤੂ ਨੂੰ ਨੌਕਰੀਆਂ ਸਣੇ ਕ੍ਰਮਵਾਰ 2.25 ਕਰੋੜ, 1.5 ਕਰੋੜ ਅਤੇ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕਰਦਿਆਂ ਰਾਣਾ ਸੋਢੀ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ 35 ਈਵੈਂਟਾਂ ਵਿੱਚ ਭਾਰਤ ਦੇ 74 ਖਿਡਾਰੀ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕੇ ਹਨ। ਪੰਜਾਬ ਨੂੰ ਮੁੱਕੇਬਾਜ਼ੀ ਤੇ ਨਿਸ਼ਾਨੇਬਾਜ਼ੀ ਵਿੱਚ ਵੱਡੀਆਂ ਆਸਾਂ ਹਨ ਕਿਉਂਕਿ ਪੰਜਾਬ ਦੇ ਕਈ ਨਿਸ਼ਾਨੇਬਾਜ਼ ਅਤੇ ਮੁੱਕੇਬਾਜ਼ ਇਸ ਸਮੇਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ।

Share this Article
Leave a comment