ਪੰਜਾਬ ਖ਼ੂਨਦਾਨ ਦੇ ਮਾਮਲੇ ’ਚ ਦੇਸ਼ ਭਰ ’ਚੋਂ ਤੀਜੇ ਸਥਾਨ ’ਤੇ

Global Team
3 Min Read

ਚੰਡੀਗੜ੍ਹ : ਸਿਹਤ ਸਹੂਲਤਾਂ ਦੇ ਖੇਤਰ ’ਚ ਪੰਜਾਬ ਲਗਾਤਾਰ ਮਹੱਤਵਪੂਰਨ ਮੀਲ ਦੇ ਪੱਥਰ ਸਥਾਪਤ ਕਰ ਰਿਹਾ ਹੈ। ਪਿਛਲੇ ਮਹੀਨੇ ਹੀ ਪੰਜਾਬ ਨੇ ਸਵੈ-ਇੱਛਾ ਤੇ ਸੇਵਾ-ਭਾਵ ਨਾਲ ਖੂਨਦਾਨ ਕਰਨ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਦੇਸ਼ ਭਰ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂ.ਟੀ.) ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਇਹ ਪ੍ਰਾਪਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖ਼ੂਨਦਾਨ ਦੀ ਮਹੱਤਤਾ ਬਾਰੇ ਲਗਾਤਾਰ ਲੋਕਾਂ ਨੂੰ ਜਾਣੂ ਕਰਵਾਏ ਜਾਣ ਮਗਰੋਂ ਲੋਕਾਂ ਦੇ ਵਧੇ ਹੋਏ ਮਨੋਬਲ ਨੂੰ ਪ੍ਰਗਟਾਉਂਦੀ ਹੈ।

ਪੰਜਾਬ ਨੂੰ ਇਹ ਮਾਨਤਾ, ਜੈਪੁਰ, ਰਾਜਸਥਾਨ ਵਿਖੇ, 1 ਅਕਤੂਬਰ, 2024 ਨੂੰ ਨੈਸ਼ਨਲ ਵਲੰਟਰੀ ਬਲੱਡ ਡੋਨੇਸ਼ਨ ਦਿਵਸ ਮੌਕੇ ਕਰਵਾਈ ਗਈ ਵੱਕਾਰੀ ‘ਇੰਡੀਆ ਬਲੱਡ ਡੋਨੇਸ਼ਨ ਐਨਜੀਓ ਕਨਕਲੇਵ’ ਦੌਰਾਨ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਦੀ ਬਲੱਡ ਟਰਾਂਸਫਿਊਜ਼ਨ ਸਰਵਿਸਿਜ਼ (ਬੀ.ਟੀ.ਐਸ.) ਵੱਲੋਂ ਪ੍ਰਦਾਨ ਕੀਤੀ ਗਈ ਹੈ।

ਇਸ ਸ਼ਾਨਾਮੱਤੀ ਪ੍ਰਾਪਤੀ ਸਾਲ 2023-24 ਵਿਚ ਸ਼ਾਨਦਾਰ ਕਾਰਗੁਜ਼ਾਰੀ ਲਈ ਦਿੱਤੀ ਗਈ ਹੈ। ਇਸ ਸਮੇਂ (ਸਾਲ 2023-24) ਦੌਰਾਨ, ਕੌਂਸਲ ਨੇ 11,109 ਖੂਨਦਾਨ ਕੈਂਪ ਲਗਾਏ ਅਤੇ ਭਾਰਤ ਸਰਕਾਰ ਦੇ 460,000 ਯੂਨਿਟ ਦੇ ਟੀਚੇ ਨੂੰ ਪਾਰ ਕਰਦਿਆਂ 493,000 ਯੂਨਿਟ ਖੂਨ ਇਕੱਠਾ ਕੀਤਾ।

ਖ਼ੂਨਦਾਨ ਦੇ ਖੇਤਰ ’ਚ ਨਵੇਂ ਮੀਲ ਦੇ ਪੱਥਰ ਸਥਾਪਤ ਕਰਦਿਆਂ ਪੰਜਾਬ ਸਰਕਾਰ ਨੇ ਜ਼ਿਲ੍ਹਾ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਸੂਬੇ ਦੇ 27ਵੇਂ ਐਡਵਾਂਸਡ ਬਲੱਡ ਕੰਪੋਨੈਂਟ ਸੇਪਰੇਸ਼ਨ ਯੂਨਿਟ ਅਤੇ ਦੋ ਬਲੱਡ ਕਲੈਕਸ਼ਨ ਅਤੇ ਟਰਾਂਸਪੀਰੇਸ਼ਨ ਵੈਨਾਂ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਦੋ ਬਲੱਡ ਕਲੈਕਸ਼ਨ ਅਤੇ ਟਰਾਂਸਪੋਰਟੇਸ਼ਨ ਵੈਨਾਂ ਦੀ ਸ਼ੁਰੂਆਤ ਵੀ ਕੀਤੀ। ਹੁਣ ਸੂਬੇ ਦੇ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਦਾਨ ਕੀਤੇ ਖ਼ੂਨ ਨੂੰ ਸੁਰੱਖਿਅਤ ਢੰਗ ਨਾਲ ਅਤੇ ਸਾਵਧਾਨੀ ਨਾਲ ਵਰਤਣ ਲਈ ਢੁਕਵੇਂ ਪ੍ਰਬੰਧਾਂ ਨੂੰ ਸੂਬੇ ਵੱਲੋਂ ਹੋਰ ਬਿਹਤਰ ਢੰਗ ਨਾਲ ਕੀਤਾ ਜਾਵੇਗਾ।

ਇਹੀ ਨਹੀਂ ਸੂਬੇ ਵਿੱਚ ਸਟ੍ਰੋਕ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਇਕ ਨਿਵੇਕਲੀ ਪਹਿਲਕਦਮੀ ਹੇਠ ਵਿਸ਼ਵ ਸਟ੍ਰੋਕ ਦਿਵਸ ਮੌਕੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀ.ਐੱਮ.ਸੀ.) ਲੁਧਿਆਣਾ ਅਤੇ ਇੰਡੀਆ ਮੈਡਟ੍ਰੋਨਿਕ ਪ੍ਰਾਈਵੇਟ ਲਿਮਟਿਡ ਦਰਮਿਆਨ ਸਾਂਝੇਦਾਰੀ ਦਾ ਐਲਾਨ ਕੀਤਾ ਗਿਆ। ਇਸ ਅਧੀਨ ਸਟ੍ਰੋਕ ਕੇਅਰ ਲਈ ਇੱਕ ਹੱਬ ਅਤੇ ਸਪੋਕ ਮਾਡਲ ਪੇਸ਼ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਫੌਰੀ ਢੰਗ ਅਤੇ ਆਪਸੀ ਤਾਲਮੇਲ ਨਾਲ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਮਰੀਜ਼ਾਂ ਦੇ ਮਿਆਰੀ ਇਲਾਜ ਨੂੰ ਯਕੀਨੀ ਬਣਾਉਣਾ ਹੈ।

ਸੀ.ਐਮ.ਸੀ. ਲੁਧਿਆਣਾ ਇੱਕ ਪ੍ਰਮੁੱਖ ਮੈਡੀਕਲ ਸੰਸਥਾ ਅਤੇ ਵਿਸ਼ਵ ਸਟ੍ਰੋਕ ਆਰਗੇਨਾਈਜ਼ੇਸ਼ਨ ਅਤੇ ਐਨ.ਏ.ਬੀ.ਐਚ. ਦੁਆਰਾ ਪ੍ਰਮਾਣਿਤ ਭਾਰਤ ਦਾ ਪਹਿਲਾ ਐਡਵਾਂਸਡ ਸਟ੍ਰੋਕ ਸੈਂਟਰ ਹੈ, ਜੋ ਐਡਵਾਂਸਡ ਸਟ੍ਰੋਕ ਟ੍ਰੀਟਮੈਂਟ ਲਈ ਸਟ੍ਰੋਕ ਦੇ ਸੈਂਟਰਲ “ਹੱਬ” ਵਜੋਂ ਕੰਮ ਕਰੇਗਾ। ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦਾ ਇੱਕ ਨੈਟਵਰਕ “ਸਪੋਕ” ਸੈਂਟਰਾਂ ਵਜੋਂ ਕੰਮ ਕਰੇਗਾ। ਇਨ੍ਹਾਂ ਸੈਂਟਰਾਂ ਨੂੰ ਸਟ੍ਰੋਕ ਦੇ ਮਰੀਜ਼ਾਂ ਨੂੰ ਮਕੈਨੀਕਲ ਥ੍ਰੋਮਬੈਕਟੋਮੀ ਸਮੇਤ ਐਡਵਾਂਸਡ ਇਲਾਜ ਸਹੂਲਤਾਂ ਵਾਸਤੇ ਹੱਬ ਲਈ ਰੈਫਰ ਕਰਨ ਤੋਂ ਪਹਿਲਾਂ ਮਰੀਜ਼ਾਂ ਨੂੰ ਤੁਰੰਤ ਦੇਖਭਾਲ ਅਤੇ ਹੋਰ ਮੁੱਢਲੀਆਂ ਸੇਵਾਵਾਂ ਪ੍ਰਦਾਨ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ।

Share This Article
Leave a Comment