ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਨੇ 6 ਕਿਲੋ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਪੁਲਿਸ ਟੀਮ ਨੇ ਨਾਕਾਬੰਦੀ ਦੌਰਾਨ ਦੋ ਵੱਖ-ਵੱਖ ਥਾਵਾਂ ਤੋਂ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਹਿਲੀ ਕਾਰਵਾਈ ਵਿੱਚ ਲਵਪ੍ਰੀਤ ਉਰਫ਼ ਲਵ ਅਤੇ ਬਲਵਿੰਦਰ ਉਰਫ਼ ਬੌਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 6 ਕਿਲੋ 150 ਗ੍ਰਾਮ ਹੈਰੋਇਨ, ਇੱਕ ਪੀਐਕਸ5 ਪਿਸਤੌਲ (30 ਬੋਰ), 4 ਜ਼ਿੰਦਾ ਕਾਰਤੂਸ ਅਤੇ 10,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਦੂਜੀ ਕਾਰਵਾਈ ਵਿੱਚ, ਗੁਰਪ੍ਰੀਤ ਉਰਫ਼ ਗੋਪੀ ਅਤੇ ਵਿਸ਼ਾਲ ਉਰਫ਼ ਤੂਪਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਤੋਂ 85 ਗ੍ਰਾਮ ਹੈਰੋਇਨ ਅਤੇ ਇੱਕ PX5 ਪਿਸਤੌਲ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਇਹ ਤਸਕਰ ਡਰੋਨ ਰਾਹੀਂ ਸਰਹੱਦ ਪਾਰ ਤੋਂ ਹੈਰੋਇਨ ਲਿਆਉਂਦੇ ਸਨ ਅਤੇ ਤਸਕਰਾਂ ਦੇ ਸੰਪਰਕ ਵਿੱਚ ਸਨ। ਇਹ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੀਤੀ ਗਈ ਹੈ। ਪੁਲਿਸ ਤਸਕਰਾਂ ਦੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।