ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਗਰੇਵਾਲ ਕਲੋਨੀ ਟਿੱਬਾ ਰੋਡ ਰਹਿਣ ਵਾਲੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਪੁੱਤਰ ਨੇ ਕਮਰੇ ‘ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਤਾਇਨਾਤ ਸਬ ਇੰਸਪੈਕਟਰ ਹਰਮਿੰਦਰ ਸਿੰਘ ਦਾ ਪੁੱਤਰ ਸੀ ਤੇ ਉਸ ਦਾ ਵਿਆਹ ਲਗਭਗ 9 ਮਹੀਨੇ ਪਹਿਲਾਂ ਹਰਮਨ ਕੌਰ ਨਾਲ ਹੋਇਆ ਸੀ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ ਟਿੱਬਾ ਪੁਲਿਸ ਨੂੰ ਮ੍ਰਿਤਕ ਕੋਲੋਂ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਉਸ ਨੇ ਆਪਣੀ ਮਾਂ ਤੇ ਪਤਨੀ ਹਰਮਨ ਤੋਂ ਮੁਆਫੀ ਮੰਗੀ।
ਜਾਣਕਾਰੀ ਮੁਤਾਬਕ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਸ਼ੁਰੂ ਹੋ ਗਿਆ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਜਿਸ ਵੇਲੇ ਗੁਰਪ੍ਰੀਤ ਨੇ ਇਹ ਕਦਮ ਚੁੱਕਿਆ ਉਸ ਵੇਲੇ ਉਸ ਦੀ ਪਤਨੀ ਹਰਮਨ ਕੌਰ ਪੇਕੇ ਗਈ ਹੋਈ ਸੀ। ਮ੍ਰਿਤਕ ਦੀ ਮਾਂ ਸੁਖਦੀਪ ਕੌਰ ਜਦੋਂ ਸਵੇਰੇ ਤੜਕੇ ਉੱਠੀ ਤਾਂ ਆਪਣੇ ਪੁੱਤਰ ਦਾ ਕਮਰਾ ਬੰਦ ਵੇਖ ਕੇ ਉਸ ਨੂੰ ਆਵਾਜ਼ ਲਗਾਈ। ਕਾਫ਼ੀ ਅਵਾਜ਼ਾਂ ਦੇਣ ਦੇ ਬਾਵਜੂਦ ਕੋਈ ਜਵਾਬ ਨਾ ਆਇਆ ਤਾਂ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਬੁਲਾ ਕੇ ਕਮਰਾ ਖੋਲ੍ਹਿਆ ਗਿਆ ਤਾਂ ਉਸ ਦੇ ਗਲ ‘ਚ ਚੁੰਨੀ ਸੀ ਤੇ ਓਹ ਜ਼ਮੀਨ ਤੇ ਬੇਜਾਨ ਡਿੱਗਿਆ ਪਿਆ ਸੀ।
ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਜਿਸ ਵਿੱਚ ਉਸ ਨੇ ਲਿਖਿਆ ਕਿ ਉਸ ਦੇ ਦਿਲ ਵਿੱਚ ਕਈ ਗੱਲਾਂ ਹਨ ਜੋ ਉਹ ਕਿਸੇ ਨਾਲ ਨਹੀਂ ਕਰ ਸਕਿਆ। ਮ੍ਰਿਤਕ ਨੇ ਆਪਣੇ ਸੁਸਾਈਡ ਨੋਟ ‘ਚ ਮੁਆਫੀ ਮੰਗਦੇ ਹੋਏ ਆਪਣੀ ਪਤਨੀ ਨੂੰ ਕਿਹਾ ਕਿ ਮੇਰੇ ਮਰਨ ‘ਤੇ ਆ ਜਾਵੀਂ। ਉੱਧਰ ਮ੍ਰਿਤਕ ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਗੁਰਪ੍ਰੀਤ ਤੇ ਵਿਆਹ ਤੋਂ ਕਰੀਬ ਪੰਦਰਾਂ ਦਿਨ ਬਾਅਦ ਹੀ ਹਰਮਨ ਦਾ ਆਪਣੇ ਪਤੀ ਨਾਲ ਕਲੇਸ਼ ਸ਼ੁਰੂ ਹੋ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਸ ਦੇ ਭਰਾ ਨੇ ਭਾਬੀ ਨੂੰ ਕੈਨੇਡਾ ਭੇਜਣ ਲਈ ਪੱਚੀ ਲੱਖ ਰੁਪਏ ਤੋਂ ਵੀ ਵੱਧ ਦੀ ਰਕਮ ਖਰਚ ਕੀਤੀ ਪਰ ਜਦ ਹਰਮਨ ਦਾ ਵੀਜ਼ਾ ਲੱਗ ਗਿਆ ਤਾਂ ਉਸ ਦਾ ਸੁਭਾਅ ਹੀ ਬਦਲ ਗਿਆ।