ਚੰਡੀਗੜ੍ਹ: ਬੇਅਦਬੀ ਮਾਮਲੇ ‘ਚ ਐਸਆਈਟੀ ਅੱਜ 10 ਦਸੰਬਰ ਨੁੰ ਫਿਰ ਤੋਂ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਵਿਖੇ ਜਾਵੇਗੀ ਅਤੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਤੇ ਵਾਈ ਚੇਅਰਮੈਨ ਡਾ. ਪੀਆਰ ਨੈਨ ਤੋਂ ਪੁੱਛ ਗਿੱਛ ਕਰੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਡੇਰਾ ਸੌਦਾ ਸਿਰਸਾ ਦੇ ਚੇਅਰਮੈਨ ਪ੍ਰਿਥਵੀ ਰਾਜ ਨੈਨ ਨੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਜੇਕਰ ਪੰਜਾਬ ਪੁਲਿਸ ਦੀ ਐਸਆਈਟੀ, ਬੇਅਦਬੀ ਜਾਂ ਕਿਸੇ ਹੋਰ ਮਾਮਲੇ ਵਿੱਚ ਉਸ ਤੋਂ ਪੁੱਛਗਿੱਛ ਜਾਂ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ 7 ਦਿਨਾਂ ਦਾ ਨੋਟਿਸ ਦਿੱਤਾ ਜਾਵੇ। ਇਸ ਪਟੀਸ਼ਨ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ।
ਸੁਣਵਾਈ ਦੌਰਾਨ ਸਰਕਾਰੀ ਐਡਵੋਕੇਟ ਪਟਵਾਲੀਆ ਨੇ ਕਿਹਾ ਕਕਿ ਨੈਨ ਕੋਲੋਂ ਇਸ ਕੇਸ ਵਿੱਚ ਗਵਾਹ ਵਜੋਂ ਪੁੱਛਗਿੱਛ ਕੀਤੀ ਜਾਣੀ ਹੈ। ਉਨ੍ਹਾਂ ਅਦਾਲਤ ਵਿੱਚ ਕਿਹਾ ਕਿ ਇਸ ਕੇਸ ਦਾ ਰਿਕਾਰਡ ਬਹੁਤ ਵੱਡਾ ਹੈ, ਇਸ ਲਈ ਨੈਨ ਨੂੰ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਇਸ ‘ਤੇ ਨੈਨ ਦੇ ਵਕੀਲ ਨੇ ਕਿਹਾ ਕਿ ਨੈਨ ਦੀ ਉਮਰ ਹੁਣ 71 ਸਾਲ ਹੈ ਅਤੇ ਸੀ.ਆਰ.ਪੀ.ਸੀ. ਇਸ ਅਨੁਸਾਰ 65 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਕੋਲ ਜਾ ਕੇ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਸ ‘ਤੇ ਹਾਈਕੋਰਟ ਨੇ ਐਸ.ਆਈ.ਟੀ. ਨੈਨ ਕੋਲ ਜਾ ਕੇ ਪੁੱਛਗਿੱਛ ਕਰਨ ਦੇ ਹੁਕਮ ਦਿੱਤੇ ਅਤੇ ਸੁਣਵਾਈ ਅਗਲੇ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਗਈ।