ਸੰਗਰੂਰ : ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰ ਈਟੀਟੀ, ਟੈੱਟ ਪਾਸ ਅਧਿਆਪਕਾਂ ‘ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ। ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਪਿਛਲੇ 35 ਦਿਨਾਂ ਤੋਂ ਸੰਗਰੂਰ ਦੇ ਡੀਸੀ ਕੰਪਲੈਕਸ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਸਨ। ਅੱਜ ਇਨ੍ਹਾਂ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਦੇ ਤਹਿਤ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਬੇਰੁਜ਼ਗਾਰ ਅਧਿਆਪਕ ਇੱਥੇ ਪਹੁੰਚੇ।
ਤੈਅ ਕੀਤੇ ਗਏ ਪ੍ਰੋਗਰਾਮ ਮੁਤਾਬਕ ਜਿਵੇਂ ਹੀ ਇਹ ਅਧਿਆਪਕ ਅੱਗੇ ਨੂੰ ਵਧਣ ਲੱਗੇ ਤਾਂ ਪੁਲੀਸ ਨੇ ਇਨ੍ਹਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਬੈਰੀਕੇਡ ਲਗਾ ਕੇ ਰਸਤੇ ‘ਚ ਹੀ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਅਧਿਆਪਕ ਬੈਰੀਕੇਡ ਤੋੜ ਕੇ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਇਨ੍ਹਾਂ ਦੇ ਉੱਪਰ ਲਾਠੀਚਾਰਜ ਕਰ ਦਿੱਤਾ।
ਇਸ ਦੌਰਾਨ ਪੁਲੀਸ ਅਤੇ ਅਧਿਆਪਕਾਂ ਵਿਚਾਲੇ ਵੀ ਬੁਰੀ ਤਰ੍ਹਾਂ ਦੇ ਨਾਲ ਝੜਪ ਹੋਈ ਜਿਸ ਦੇ ਕਾਰਨ ਚਾਰ ਅਧਿਆਪਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਵਿੱਚ ਰਣਜੀਤ ਕੌਰ ਮਾਨਸਾ, ਜੀਵਨ ਸਿੰਘ ਸੰਗਰੂਰ, ਕੇ ਦੀਪ ਤਰਨਤਾਰਨ ਅਤੇ ਇਕ ਹੋਰ ਅਧਿਆਪਕ ਸ਼ਾਮਲ ਹਨ।