ਚੰਡੀਗੜ੍ਹ: 26 ਜਨਵਰੀ ਤੋਂ ਪਹਿਲਾਂ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ 10 ਗ੍ਰਨੇਡ ਹਮਲਿਆਂ ਨੇ ਪੰਜਾਬ ਪੁਲਿਸ ਅਤੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਨਪੁਟਸ ਦੇ ਆਧਾਰ ‘ਤੇ, ਇੰਟੈਲੀਜੈਂਸ ਨੇ ਡੀਜੀਪੀ ਦਫ਼ਤਰ ਨੂੰ ਗਣਤੰਤਰ ਦਿਵਸ ਸਮਾਰੋਹ ਦੌਰਾਨ ਸਾਰੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਵਧਾਉਣ ਲਈ ਵੀ ਕਿਹਾ ਹੈ। ਇਸ ਲਈ ਹੁਣ ਗਣਤੰਤਰ ਦਿਵਸ ਦੇ ਸਾਰੇ ਪ੍ਰੋਗਰਾਮਾਂ ਵਿੱਚ ਸ਼ਾਰਪ ਸ਼ੂਟਰਾਂ, ਕਮਾਂਡੋਜ਼, AGTF ਅਤੇ STF ਟੀਮਾਂ ਦੇ ਨਾਲ 5000 ਪੰਜਾਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ‘ਚ ਤਿਰੰਗਾ ਲਹਿਰਾ ਰਹੇ ਨੇ ਤੇ ਰਾਜਪਾਲ ਲੁਧਿਆਣਾ ਪਹੁੰਚੇ ਰਹੇ ਹਨ। ਮਾਝਾ ਇਲਾਕੇ ਵਿੱਚ ਗੈਂਗਸਟਰਾਂ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਗ੍ਰਨੇਡ ਧਮਾਕਿਆਂ ਦੇ ਕਾਰਨ, ਗਣਤੰਤਰ ਦਿਵਸ ਦੇ VIP ਰੂਟ ‘ਤੇ ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਟਾਸਕ ਫੋਰਸ ਦੀਆਂ ਟੀਮਾਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹਨਾਂ ਟੀਮਾਂ ਕੋਲ ਲੋੜੀਂਦੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਤਸਵੀਰਾਂ ਹੋਣਗੀਆਂ।
ਤਰਤਾਰਨ ਵਿੱਚ ਹੋਏ ਗ੍ਰਨੇਡ ਹਮਲੇ ਤੋਂ ਬਾਅਦ, ਡੀਜੀਪੀ ਗੌਰਵ ਯਾਦਵ ਨੇ ਆਈਜੀ ਅਤੇ ਡੀਆਈਜੀ ਬੌਰਡਰ ਰੇਂਜ ਦੇ ਨਾਲ-ਨਾਲ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਗਸ਼ਤ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੰਤਰ-ਰਾਜੀ ਸੁਰੱਖਿਆ ਸਬੰਧੀ ਮੀਟਿੰਗ ਕਰਨ ਅਤੇ ਸਮਾਗਮ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਨਾਕਾਬੰਦੀ ਕਰਨ ਲਈ ਕਿਹਾ ਗਿਆ ਹੈ।
ਮੀਟਿੰਗ ਦੌਰਾਨ, ਵੱਧ ਰਹੇ ਹਮਲਿਆਂ ਨੂੰ ਕਿਵੇਂ ਰੋਕਿਆ ਜਾਵੇ, ਇਸ ਬਾਰੇ ਇੱਕ ਯੋਜਨਾ ਤਿਆਰ ਕੀਤੀ ਜਾਵੇਗੀ, ਕਿਉਂਕਿ ਭਾਵੇਂ ਪਿਛਲੇ ਹਮਲਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਇਸਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੀਟਿੰਗ ਵਿੱਚ ਐਨਆਈਏ ਅਤੇ ਆਈਬੀ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।
ਇਸ ਤੋਂ ਪਹਿਲਾਂ ਪੰਜਾਬ ਦੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ 27 ਜਨਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਸਨ। ਇਹ ਹੁਕਮ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਜਾਰੀ ਕੀਤਾ ਸ।
ਇਸ ਬਾਰੇ ਆਈਜੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ – ਇਹ ਹੁਕਮ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸੇ ਵੀ ਪੁਲਿਸ ਕਰਮਚਾਰੀ ਨੂੰ 27 ਜਨਵਰੀ ਤੱਕ ਛੁੱਟੀ ਨਹੀਂ ਦਿੱਤੀ ਜਾਵੇਗੀ। ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਸੂਬੇ ਭਰ ਵਿੱਚ 24 ਘੰਟੇ ਚੌਕਸ ਰਹੇਗੀ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਤੰਤਰ ਦਿਵਸ ‘ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਜਿਸ ਵਿੱਚ ਸਭ ਤੋਂ ਵੱਡੇ ਪ੍ਰੋਗਰਾਮ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਹੋਣਗੇ। ਹਰ ਜਗ੍ਹਾ ਕੋਈ ਨਾ ਕੋਈ ਵੱਡਾ ਨੇਤਾ ਪਹੁੰਚ ਕੇ ਤਿਰੰਗਾ ਝੰਡਾ ਲਹਿਰਾਏਗਾ। ਇਸ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਪੁਲਿਸ ਵੱਲੋਂ ਇਹ ਫੈਸਲਾ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਸੂਚੀ ਅਨੁਸਾਰ 26 ਜਨਵਰੀ ਦਾ ਰਾਜ ਪੱਧਰੀ ਸਮਾਗਮ ਲੁਧਿਆਣਾ ਵਿੱਚ ਰੱਖਿਆ ਗਿਆ ਜਿੱਥੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਕੌਮੀ ਝੰਡਾ ਫਹਿਰਾਉਣਗੇ
ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ਪਹੁੰਚਣਗੇ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਐਸੲਐਸ ਨਗਰ ਮੁਹਾਲੀ ‘ਚ ਤਿਰੰਗਾ ਫਹਿਰਾਉਣਗੇ। ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਰੂਪਨਗਰ ‘ਚ ਰੱਖੇ ਪ੍ਰੋਗਰਾਮ ‘ਚ ਸ਼ਮੂਲੀਅਤ ਕਰਨਗੇ।