ਪੰਜਾਬ ਨੂੰ ਨਸ਼ਿਆ ਦੀ ਦਲਦਲ ‘ਚੋਂ ਕੱਢਣ ਤੁਹਾਡੇ ਸਭ ਦਾ ਸਹਿਯੋਗ ਜ਼ਰੂਰੀ: ਰੰਧਾਵਾ

TeamGlobalPunjab
4 Min Read

ਚੰਡੀਗੜ੍ਹ: ਪੰਜਾਬ ਨੂੰ ਨਸ਼ਿਆ ਦੀ ਦਲਦਲ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੈ, ਇਸ ਲਈ ਜਿੱਥੇ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ, ੳੇੁੱਥੇ ਰਾਜ ਦੇ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕੇਂਦਰੀ ਸੁਧਾਰ ਘਰ ਗੋਇੰਦਵਾਲ ਸਾਹਿਬ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਕੈਦੀਆਂ ਤੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰੀ ਸੁਧਾਰ ਘਰ ਗੋਇੰਦਵਾਲ ਸਾਹਿਬ ਨੂੰ ਅਸਲੀ ਰੂਪ ਵਿੱਚ ਸੁਧਾਰ ਘਰ ਬਣਾਇਆ ਗਿਆ ਹੈ।ਉਹਨਾਂ ਕਿਹਾ ਕਿ ਇਸ ਸੁਧਾਰ ਘਰ ਵਿੱਚ 2780 ਵਿਅਕਤੀਆਂ ਨੂੰ ਰੱਖਣ ਦੀ ਸਮਰੱਥਾ ਹੈ, ਜੋ ਕਿ ਲੱਗਭੱਗ 85 ਏਕੜ ਥਾਂ ਵਿੱਚ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸੁਧਾਰ ਘਰ ਨੂੰ ਅਲਟਰਾ ਮਾਡਰਨ ਬਣਾਉਣ ਲਈ ਲੱਗਭੱਗ 190 ਕਰੋੜ ਰੁਪਏ ਖਰਚ ਕੀਤੇ ਗਏ ਹਨ।ਉਹਨਾਂ ਕਿਹਾ ਕਿ ਇਸ ਸੁਧਾਰ ਘਰ ਵਿੱਚ ਕੈਦੀਆਂ ਨਾਲ ਮੁਲਾਕਾਤ ਕਰਨ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਹੈ।

ਇਸ ਉਪਰੰਤ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਗੂਰੂਆਂ ਪੀਰਾਂ ਦੀ ਵਰੋਸਾਈ ਧਰਤੀ ਹੈ ਅਤੇ ਇਸ ਦਾ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਣਾ ਬਹੁਤ ਹੀ ਮੰਦਭਾਗਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਰ ਲੜਾਈ ਵਿੱਚ ਅੱਗੇ ਵੱਧ ਕੇ ਆਪਣਾ ਯੋਗਦਾਨ ਪਾਇਆ ਹੈ ਅਤੇ ਹੁਣ ਨਸ਼ਿਆਂ ਖਿਲਾਫ਼ ਵੀ ਡਟਕੇ ਜੰਗ ਲੜਨੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸਦੀ ਮਾਰ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਦੀ ਹਾਲਤ ਸੁਧਾਰਨ ਲਈ ਜੇਲ ਬੋਰਡ ਦੀ ਸਥਾਪਨਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲਾਂ ਵਿੱਚ ਫੈਕਟਰੀਆਂ ਅਤੇ ਪੈਟਰੋਲ ਪੰਪ ਲਗਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਜੇਲਾਂ ਆਪਣੇ ਖਰਚ ਕੱਢ ਸਕਣ।ਉਹਨਾਂ ਕਿਹਾ ਕਿ ਕੇਂਦਰੀ ਸੁਧਾਰ ਘਰ ਗੋਇੰਦਵਾਲ ਸਾਹਿਬ ਵਿੱਚ ਵੀ ਟਾਇਲਾਂ ਬਣਾਉਣ ਦੀ ਫੈਕਟਰੀ ਲਗਾਈ ਜਾ ਰਹੀ ਹੈ, ਜਿੱਥੇ ਕੰਮ ਕਰਨ ਵਾਲੇ ਬੰਦੀਆਂ ਨੂੰ ਦਿਹਾੜੀ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਇਸ ਜੇਲ਼ ਵਿੱਚ ਆਉਣ ਵਾਲੇ ਹਵਾਲਾਤੀਆਂ ਤੇ ਕੈਦੀਆਂ ਦੀ ਕੌਂਸਲਿੰਗ ਵੀ ਕੀਤੀ ਜਾਵੇਗੀ ਤਾਂ ਜੋ ਅਮਲੀ ਰੂਪ ਵਿੱਚ ਸਿੱਧੇ ਰਸਤੇ ‘ਤੇ ਆ ਸਕਣ। ਉਹਨਾਂ ਕਿਹਾ ਕਿ ਜੇਲਾਂ ਵਿੱਚ ਰਾਸ਼ਨ ਦੀ ਪ੍ਰਾਈਵੇਟ ਖਰੀਦ ਬੰਦ ਕੀਤੀ ਗਈ ਹੈ ਅਤੇ ਸਾਰਾ ਲੋੜੀਂਦਾ ਸਮਾਨ ਹੁਣ ਮਾਰਕਫੈੱਡ, ਮਿਲਕਫੈੱਡ ਅਤੇ ਸ਼ੂਗਰਫੈੱਡ ਤੋਂ ਖਰੀਦਿਆ ਜਾਵੇਗਾ।

- Advertisement -

ਇਸ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਰਾਜ ਦੇ ਲੋਕਾਂ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਹਨਾਂ ਕਿਹਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਫਿਰ ਬਹੁਮਤ ਹਾਸਿਲ ਕਰਕੇ ਲੋਕ-ਪੱਖੀ ਸਰਕਾਰ ਬਣਾਏਗੀ।

ਹਲਕਾ ਵਿਧਾਇਕ ਖਡੂਰ ਸਾਹਿਬ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਇਸ ਮੌਕੇ ਉਹਨਾਂ ਡਿਪਟੀ ਮੁੱਖ ਮੰਤਰੀ ਪਾਸੋਂ ਦਰਿਆ ਬਿਆਸ ਦੀ ਮਾਰ ਹੇਠ ਆਉਂਦੇ ਇਲਾਕੇ ਨੂੰ ਨੁਕਸਾਨ ਨੂੰ ਬਚਾਉਣ ਲਈ ਬੰਨ ਬਣਾਉਣ ਅਤੇ ਫੋਕਲ ਪੁਆਇੰਟ ਗੋਇੰਦਵਾਲ ਸਾਹਿਬ ਵਿਖੇ ਇੰਡਸਟਰੀ ਕੰਪਲੈਕਸ ਦੇ ਪਲਾਂਟਾਂ ਨੂੰ ਪੰਜਾਬ ਲਘੂ ਉਦਯੋਗ ਵੱਲੋਂ ਹਰ ਸਾਲ ਪਾਏ ਜਾਂਦੇ ਜੁਰਮਾਨੇ ਦੀ ਮੁਆਫ਼ੀ ਲਈ ਵੀ ਮੰਗ ਕੀਤੀ।

Share this Article
Leave a comment