ਪੰਜਾਬ ਪੁਲਿਸ ਨੇ ਲੋਕਾਂ ਤੱਕ ਸੁਖਾਲੀ ਪਹੁੰਚ ਵਧਾਉਣ ਲਈ ਨਵੀਂ ਟਰੈਫਿਕ ਸਲਾਹਕਾਰ ਕਮੇਟੀ ਦਾ ਕੀਤਾ ਗਠਨ

Global Team
2 Min Read

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸੂਬੇ ਭਰ ਵਿੱਚ ਜਨਤਕ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਅਤੇ ਟਰੈਫਿਕ ਪ੍ਰਬੰਧਨ ਵਿੱਚ ਸੁਧਾਰ ਲਿਆਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਨਵੀਂ ਸੂਬਾ ਪੱਧਰੀ ਟਰੈਫਿਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਬਣਾਈ ਗਈ ਹੈ।

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਟਰੈਫਿਕ ਅਤੇ ਸੜਕ ਸੁਰੱਖਿਆ) ਏ.ਐਸ ਰਾਏ ਦੀ ਪ੍ਰਧਾਨਗੀ ਹੇਠ ਬਣਾਈ ਗਈ ਇਸ ਕਮੇਟੀ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਕਮਿਊਨਿਟੀ-ਅਧਾਰਿਤ ਸੰਸਥਾਵਾਂ (ਸੀਬੀਓਜ਼) ਦੇ ਨੁਮਾਇੰਦੇ ਅਤੇ ਨਿੱਜੀ ਵਿਅਕਤੀ ਮੈਂਬਰਾਂ ਵਜੋਂ ਸ਼ਾਮਲ ਹਨ। ਵੱਖ-ਵੱਖ ਜ਼ਿਲਿ੍ਹਆਂ ਤੋਂ ਘੱਟੋ-ਘੱਟ 14 ਐਨਜੀਓ/ਸੀਬੀਓਜ਼ ਦੇ ਮੈਂਬਰਾਂ ਨੇ ਉਦਘਾਟਨੀ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਆਪਣੀ ਕੀਮਤੀ ਜਾਣਕਾਰੀ ਸਾਂਝੀ ਕੀਤੀ ਅਤੇ ਸੁਝਾਅ ਦਿੱਤੇ।

ਏ.ਡੀ.ਜੀ.ਪੀ. ਏ.ਐਸ. ਰਾਏ ਨੇ ਕਿਹਾ ਕਿ ਇਸ ਕਮੇਟੀ ਦਾ ਮੁੱਢਲਾ ਉਦੇਸ਼ ਜਨਤਕ ਪਹੁੰਚ ਨੂੰ ਵਧਾਉਣਾ ਅਤੇ ਟਰੈਫਿਕ ਪ੍ਰਬੰਧਨ ਅਤੇ ਟਰੈਫਿਕ ਨਿਯਮ ਲਾਗੂ ਕਰਨ ਲਈ ਇੱਕ ਸਹਿਯੋਗੀ ਪਹੁੰਚ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ‘‘ਸੀਬੀਓਜ਼ ਅਤੇ ਵੱਖੋ-ਵੱਖਰੀ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਸਰਗਰਮੀ ਨਾਲ ਸ਼ਾਮਲ ਕਰਕੇ, ਸਾਡਾ ਉਦੇਸ਼ ਪੰਜਾਬ ਵਿੱਚ ਇੱਕ ਵਧੇਰੇ ਪ੍ਰਭਾਵੀ ਅਤੇ ਟਿਕਾਊ ਟਰੈਫਿਕ ਵਾਤਾਵਰਣ ਦੀ ਸਿਰਜਣਾ ਕਰਨਾ ਹੈ’’।

ਮੀਟਿੰਗ ਤੋਂ ਬਾਅਦ, ਕਮੇਟੀ ਮੈਂਬਰਾਂ ਨੂੰ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਦਾ ਦੌਰਾ ਕਰਨ ਦਾ ਵੀ ਮੌਕਾ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਰਾਜ ਦੀਆਂ ਨਵੀਨਤਮ ਟਰੈਫਿਕ ਪ੍ਰਬੰਧਨ ਪਹਿਲਕਦਮੀਆਂ ਅਤੇ ਤਕਨਾਲੋਜੀਆਂ ਬਾਰੇ ਚੋਖੀ ਜਾਣਕਾਰੀ ਪ੍ਰਾਪਤ ਕੀਤੀ।

ਜ਼ਿਕਰਯੋਗ ਹੈ ਕਿ ਇਹ ਨਵੀਂ ਬਣੀ ਕਮੇਟੀ ਪੰਜਾਬ ਪੁਲਿਸ ਦੀ ਕਮਿਊਨਿਟੀ-ਓਰੀਐਂਟਿਡ ਪੁਲਿਸਿੰਗ ਪ੍ਰਤੀ ਵਚਨਬੱਧਤਾ ਵਿੱਚ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦੀ ਹੈ। ਜ਼ਮੀਨੀ ਪੱਧਰ ’ਤੇ ਭਾਈਵਾਲਾਂ ਨਾਲ ਸਾਂਝੇਦਾਰੀ ਕਰਕੇ, ਕਮੇਟੀ ਟਰੈਫਿਕ ਸੁਰੱਖਿਆ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ, ਜ਼ਿੰਮੇਵਾਰੀ ਨਾਲ ਡਰਾਈਵਿੰਗ ਕਰਨ ਲਈ ਪ੍ਰੇਰਨ, ਅਤੇ ਸਥਾਨਕ ਟਰੈਫਿਕ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

Share This Article
Leave a Comment