ਪੰਜਾਬ ਪੁਲਿਸ ਨੇ ਕੋਰੋਨਾ ਬਾਰੇ ਗਲਤ ਅਫਵਾਹਾਂ ਫੈਲਾਉਣ ਵਾਲੇ 108 ਸੋਸ਼ਲ ਮੀਡੀਆ ਖਾਤੇ/ਲਿੰਕ ਕਰਵਾਏ ਬਲੌਕ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਪੀੜਤ ਮਰੀਜਾਂ ਦੇ ਅੰਗ ਕੱਢਣ ਜਿਹੀਆਂ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ਾਂ ਦਿੱਤੇ ਗਏ ਸਨ। ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਬੀਤੇ ਦਿਨ ਮੁੱਖ ਮੰਤਰੀ ਦੇ ਹੁਕਮਾਂ ਦੇ ਮੱਦੇਨਜ਼ਰ ਸੂਬੇ ‘ਚ ਕੋਰੋਨਾ ਬਾਰੇ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ 38 ਫੇਸਬੁੱਕ, 49 ਟਵਿੱਟਰ ਤੇ 21 ਯੂ-ਟਿਊਬ ਖਾਤਿਆਂ, ਲਿੰਕਜ਼ ਨੂੰ ਸਮਰੱਥ ਅਥਾਰਟੀ ਤੋਂ ਬਲੌਕ ਕਰਵਾ ਦਿਤਾ ਹੈ।

ਇਸ ਸਬੰਧੀ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਹੁਣ ਤੱਕ 121 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ‘ਚ ਕੁੱਲ 151 ਫੇਸਬੁੱਕ ਖਾਤੇ/ਲਿੰਕ, 100 ਟਵਿੱਟਰ, ਚਾਰ ਇੰਸਟਾਗ੍ਰਾਮ ਤੇ 37 ਯੂ.ਟਿਊਬ ਖਾਤਿਆਂ/ਲਿੰਕਜ਼ ਬਾਰੇ ਸਬੰਧਤ ਅਥਾਰਟੀ ਫੇਸਬੁੱਕ, ਟਵਿੱਟਰ ਤੇ ਗੂਗਲ ਨੂੰ ਸੂਚਿਤ ਕੀਤਾ ਗਿਆ ਹੈ।

ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ (ਡੀਜੀਪੀ) ਨੇ ਖੁਲਾਸਾ ਕਰਦਿਆਂ ਕਿਹਾ ਕਿ ਏਜੰਸੀ ਵੱਲੋਂ ਕਿੜ੍ਹ ਕੱਢਣ ਵਾਲੇ ਦੇਸ਼ ਵਿਰੋਧੀ ਤੇ ਸਮਾਜ ਵਿਰੋਧੀ ਤੱਤਾਂ ਦੇ ਖਾਤਿਆਂ/ਲਿੰਕਜ਼ ਨੂੰ ਬਲੌਕ ਕਰਨ ਲਈ ਮਾਮਲਾ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਾਈਬਰ ਲਾਅ ਡਿਵੀਜ਼ਨ ਕੋਲ ਉਠਾਇਆ ਗਿਆ ਜਿਸ ਦੇ ਚੱਲਦਿਆਂ ਹੁਣ ਤਕ 108 ਖਾਤੇ/ਲਿੰਕ ਬਲੌਕ ਕਰ ਦਿਤੇ ਗਏ ਹਨ। ਇਸ ਦੇ ਨਾਲ ਹੀ ਡੀਜੀਪੀ ਨੇ ਕਿਹਾ ਕਿ ਖਾਤਾ ਧਾਰਕਾਂ ਦੀ ਸੂਚਨਾ ਮਿਲਦੇ ਹੀ ਇਨਫਾਰਮੇਸ਼ਨ ਤਕਨਾਲੋਜੀ ਐਕਟ, 2000 ਤੇ ਆਈ.ਪੀ.ਸੀ. ਦੀਆਂ ਸਬੰਧਿਤ ਧਾਰਾਵਾਂ ਤਹਿਤ ਸ਼ਰਾਰਤੀ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

Share This Article
Leave a Comment