ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ! ਕਲਾਨੌਰ ਹਸਪਤਾਲ ‘ਤੇ ਗ੍ਰਨੇਡ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ

Global Team
2 Min Read

ਗੁਰਦਾਸਪੁਰ: ਕਲਾਨੌਰ ਸਥਿਤ ਮੁਲਤਾਨੀ ਹਸਪਤਾਲ ਵਿੱਚ ਬੀਤੇ ਕੱਲ੍ਹ ਹੋਏ ਗ੍ਰਨੇਡ ਹਮਲੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ।ਇਸ ਵਿਚਾਲੇ ਹੀ ਖਬਰ ਹੈ ਕਿ ਹਸਪਤਾਲ ਵਿੱਚ ਗ੍ਰਨੇਡ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਤਰਨਤਾਰਨ ਤੋਂ ਕਾਬੂ ਕੀਤਾ। ਫੜਿਆ ਗਿਆ ਮੁਲਜ਼ਮ ਧਰਮਿੰਦਰ ਉਰਫ਼ ਤਿੰਡੀ, ਥਾਣਾ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਅਗਵਾਨ ਦਾ ਰਹਿਣ ਵਾਲਾ ਹੈ।

ਪੁਲਿਸ ਰਿਕਾਰਡ ਅਨੁਸਾਰ, ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ (NDPS) ਐਕਟ ਤਹਿਤ ਮਾਮਲਾ ਦਰਜ ਹੈ। ਹਾਲਾਂਕਿ, ਮੁਲਜ਼ਮ ਨੇ ਕਿਸ ਦੇ ਇਸ਼ਾਰੇ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਇਸ ਦਾ ਖੁਲਾਸਾ ਪੁਲਿਸ ਨੇ ਨਹੀਂ ਕੀਤਾ ਹੈ। ਪੁਲਿਸ ਮੁਲਜ਼ਮ ਕੋਲੋਂ ਪੁੱਛਗਿੱਛ ਕਰਕੇ ਉਸਦੇ ਅਗਲੇ-ਪਿਛਲੇ ਲਿੰਕ ਖੰਗਾਲਣ ਵਿੱਚ ਜੁਟੀ ਹੋਈ ਹੈ।

ਐੱਸਐੱਸਪੀ ਆਦਿੱਤਿਆ ਅਨੁਸਾਰ ਮੰਗਲਵਾਰ ਦੁਪਹਿਰ ਕਰੀਬ 3 ਵਜੇ ਕਲਾਨੌਰ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਲਤਾਨੀ ਹਸਪਤਾਲ ਵਿੱਚ ਇੱਕ ਬਹੁਤ ਜ਼ੋਰਦਾਰ ਧਮਾਕਾ ਹੋਇਆ ਹੈ। ਸੂਚਨਾ ਮਿਲਦੇ ਹੀ ਥਾਣਾ ਕਲਾਨੌਰ ਦੇ ਐੱਸਐੱਚਓ ਅਤੇ ਡੀਐੱਸਪੀ ਤੁਰੰਤ ਮੌਕੇ ‘ਤੇ ਪਹੁੰਚੇ। ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਕਿ ਹਸਪਤਾਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਟੁੱਟੇ ਹੋਏ ਸਨ ਅਤੇ ਉੱਥੇ ਕਈ ਸਪਲਿੰਟਰ ਦੇ ਨਿਸ਼ਾਨ ਵੀ ਮੌਜੂਦ ਸਨ। ਇਸ ਤੋਂ ਤੁਰੰਤ ਬਾਅਦ ਐੱਸਪੀਡੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ।

ਦੱਸ ਦੇਈਏ ਕਿ ਬੀਤੇ ਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਦਿਖ ਰਿਹਾ ਸੀ ਕਿ ਇੱਕ ਨਕਾਬਪੋਸ਼ ਵਿਅਕਤੀ ਹਸਪਤਾਲ ਦੇ ਬਾਹਰ 15 ਮਿੰਟ ਤੱਕ ਖੜ੍ਹਾ ਰਿਹਾ ਅਤੇ ਫਿਰ ਚਲਾ ਗਿਆ। ਹਸਪਤਾਲ ਦੇ ਮਾਲਕ ਡਾਕਟਰ ਐੱਸ.ਪੀ. ਸਿੰਘ ਮੁਲਤਾਨੀ ਨੇ ਦਾਅਵਾ ਕੀਤਾ ਸੀ ਕਿ ਉਸੇ ਵਿਅਕਤੀ ਨੇ ਗ੍ਰਨੇਡ ਸੁੱਟਿਆ ਸੀ। ਇੱਕ ਹੋਰ ਵੀਡੀਓ ਵਿੱਚ ਮੁਲਜ਼ਮ ਦਰਵਾਜ਼ਾ ਖੋਲ੍ਹ ਕੇ ਹਸਪਤਾਲ ਦੇ ਅੰਦਰ ਆਉਂਦਾ ਅਤੇ ਗ੍ਰਨੇਡ ਸੁੱਟ ਕੇ ਭੱਜਦਾ ਦਿਖਾਈ ਦਿੰਦਾ ਹੈ। ਜਦਕਿ, ਅਚਾਨਕ ਹੋਏ ਧਮਾਕੇ ਕਾਰਨ ਸਟਾਫ਼ ਡਰ ਗਿਆ ਅਤੇ ਇੱਧਰ-ਉੱਧਰ ਭੱਜਣ ਲੱਗ ਪਿਆ।

ਪੁਲਿਸ ਮੁਤਾਬਕ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਫੋਰੈਂਸਿਕ ਟੀਮ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਸਾਫ਼ ਹੋ ਗਿਆ ਕਿ ਹਸਪਤਾਲ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ।

Share This Article
Leave a Comment