ਪੰਜਾਬ ਪੁਲਿਸ ਵੱਲੋਂ ਫਾਜ਼ਿਲਕਾ ਤੋਂ ਰਾਜਸਥਾਨ ਅਧਾਰਤ ਹਥਿਆਰਾਂ ਦੇ ਦੋ ਤਸਕਰ ਗ੍ਰਿਫ਼ਤਾਰ

Prabhjot Kaur
3 Min Read
Arrested man in handcuffs with handcuffed hands behind back in prison

ਚੰਡੀਗੜ੍ਹ/ਫਾਜ਼ਿਲਕਾ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜਾਰੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਫਾਜ਼ਿਲਕਾ ਵਿਖੇ ਅਬੋਹਰ- ਹਨੂੰਨਗੜ੍ਹ ਰੋਡ ‘ਤੇ ਨਾਕਾਬੰਦੀ ਦੌਰਾਨ ਰਾਜਸਥਾਨ ਅਧਾਰਤ ਹਥਿਆਰਾਂ ਦੇ ਦੋ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਅੱਠ ਪਿਸਤੌਲ ਅਤੇ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਬੰਨਾ ਰਾਮ ਉਰਫ਼ ਵਿਨੋਦ ਦੇਵਾਸੀ ਅਤੇ ਮੁਕੇਸ਼ ਉਰਫ਼ ਮੁਕਸ਼ਾ ਰਬਾਰੀ ਵਜੋਂ ਹੋਈ ਹੈ ਜੋ ਪਿੰਡ ਜੇਤੀਆਵਾਸ, ਜੋਧਪੁਰ, ਰਾਜਸਥਾਨ ਦੇ ਰਹਿਣ ਵਾਲੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਫਾਜ਼ਿਲਕਾ ਨੂੰ ਇੱਕ ਭਰੋਸੇਯੋਗ ਸੂਤਰ ਤੋਂ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸੰਭਾਵਨਾ ਹੈ ਕਿ ਇਹ ਖੇਪ ਪੰਜਾਬ ਵਿੱਚ ਅਰਸ਼ ਡੱਲਾ ਗਰੋਹ ਦੇ ਮੈਂਬਰਾਂ ਨੂੰ ਪਹੁੰਚਾਈ ਜਾਣੀ ਹੈ।

ਉਨ੍ਹਾਂ ਦੱਸਿਆ ਕਿ ਐਸ.ਐਸ.ਓ.ਸੀ ਥਾਣਾ ਫਾਜ਼ਿਲਕਾ ਦੀ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਫੜ੍ਹਨ ਲਈ ਅਬੋਹਰ-ਹਨੂਮਾਨਗੜ੍ਹ ਰੋਡ ਫਾਜ਼ਿਲਕਾ ‘ਤੇ ਸਥਿਤ ਪਿੰਡ ਰਾਮਸਰਾ ਦੇ ਇਲਾਕੇ ‘ਚ ਪੁਲਿਸ ਨਾਕਾਬੰਦੀ ਕੀਤੀ ਅਤੇ ਦੋਵਾਂ ਵਿਅਕਤੀਆਂ ਨੂੰ ਸਫ਼ਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ ਉਨ੍ਹਾਂ ਦੇ ਕਬਜ਼ੇ ‘ਚੋਂ ਦੋ ਜ਼ਿੰਦਾ ਕਾਰਤੂਸ ਸਮੇਤ .32 ਬੋਰ ਦੇ 7 ਪਿਸਤੌਲ ਅਤੇ ਦੋ ਜਿੰਦਾ ਕਾਰਤੂਸਾਂ ਸਮੇਤ ਇੱਕ .315 ਬੋਰ ਦਾ ਦੇਸੀ ਪਿਸਤੌਲ ਬਰਾਮਦ ਹੋਇਆ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ‘ਚੋਂ 9650 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਐਸ.ਐਸ.ਓ.ਸੀਯ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਸਐਸਓਸੀ ਫਾਜ਼ਿਲਕਾ ਨੇ ਉਨ੍ਹਾਂ ਦੇ ਗਰੁੱਪ ਮੈਂਬਰ ਨਰੇਸ਼ ਪੰਡਿਤ ਨੂੰ ਜੋਧਪੁਰ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਨਰੇਸ਼ ਪੰਡਿਤ ਖਤਰਨਾਕ ਅੱਤਵਾਦੀ ਅਰਸ਼ ਡੱਲਾ ਦੇ ਸੰਪਰਕ ਵਿੱਚ ਸੀ ਅਤੇ ਉਸਨੂੰ ਫਿਰੌਤੀ ਲਈ ਜੋਧਪੁਰ ਦੇ ਇੱਕ ਉੱਘੇ ਕਾਰੋਬਾਰੀ ਨੂੰ ਅਗਵਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ ਦੀ ਜਾਣਕਾਰੀ ਰਾਜਸਥਾਨ ਪੁਲਿਸ ਨਾਲ ਸਾਂਝੀ ਕੀਤੀ ਗਈ, ਜਿਸ ਸਦਕਾ ਜ਼ਿਲ੍ਹਾ ਪਾਲੀ ਵਿੱਚ ਇਸ ਕਿਡਨੈਪਿੰਗ ਗਿਰੋਹ ਦਾ ਪਰਦਾਫਾਸ਼ ਹੋਇਆ।

- Advertisement -

ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਕੇਸ ਵਿੱਚ ਜਾਅਲੀ ਭਾਰਤੀ ਕਰੰਸੀ ਦੇ ਨਜ਼ਰੀਏ ਤੋਂ ਵੀ ਜਾਂਚ ਕਰ ਰਹੀ ਹੈ।

ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 489-ਏ, 489-ਬੀ ,489-ਸੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕੀਤਾ ਗਿਆ ਹੈ।

Share this Article
Leave a comment