ਬਠਿੰਡਾ : ਸਮਾਜ ਵਿੱਚ ਜਦੋਂ ਕਦੇ ਕੋਈ ਜ਼ੁਲਮ ਹੁੰਦਾ ਹੈ ਜਾਂ ਕਨੂੰਨ ਤੋੜਿਆ ਜਾਂਦਾ ਹੈ ਤਾਂ ਲੋਕ ਇਸ ਆਸ ਨਾਲ ਪੁਲਿਸ ਦੀ ਸ਼ਰਨ ਵਿੱਚ ਜਾਂਦੇ ਹਨ ਕਿ ਉਨ੍ਹਾਂ ਨੂੰ ਪੁਲਿਸ ਇਨਸਾਫ ਦਵਾਏਗੀ, ਉਨ੍ਹਾਂ ਦੀ ਜਾਨ ਮਾਲ ਦੀ ਰੱਖਿਆ ਕਰੇਗੀ। ਪਰ ਜਿਸ ਘਟਨਾ ਦਾ ਅਸੀਂ ਇੱਥੇ ਜ਼ਿਕਰ ਕਰਨ ਜਾ ਰਹੇ ਹਾਂ ਉਸ ਨੇ ਪਹਿਲਾਂ ਵਾਪਰੀਆਂ ਉਨ੍ਹਾਂ ਘਟਨਾਵਾਂ ਦੀ ਲੜੀ ਵਿੱਚ ਇਹ ਇੱਕ ਘਟਨਾ ਹੋਰ ਜੋੜ ਦਿੱਤੀ ਹੈ ਜਿਸ ਵਿੱਚ ਰੱਖਿਅਕ ਹੀ ਭੱਖਿਅਕ ਬਣਨ ਦਾ ਰੌਲਾ ਪੈ ਰਿਹਾ ਹੈ। ਬਠਿੰਡਾ ਦੇ ਮੌੜ ਮੰਡੀ ‘ਚ ਪੈਂਦੇ ਥਾਣਾ ਮੌੜ ਮੰਡੀ ਦੇ ਇਲਾਕੇ ਬਹਿਮਣ ਦੀਵਾਨਾਂ ਵਿੱਚ ਵਾਪਰੀ ਦੱਸੀ ਜਾਂਦੀ ਇਸ ਘਟਨਾ ਦੇ ਸਬੰਧੀ ਵਿੱਚ ਰਾਜਸਥਾਨ ਦੇ ਜਿਲ੍ਹਾ ਨਾਗੌਰ ‘ਚ ਪੈਦੇ ਸ਼ੇਰਾਨੀ ਅਬਦ ਵਾਸੀ ਮੁਹੰਮਦ ਰਫੀਕ ਨੇ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਏ ਹਨ ਕਿ ਉਹ ਅਤੇ ਉਸ ਦੇ ਮਿੱਤਰ ਲਿਆਕਤ ਸ਼ੇਰਾਨੀ ਅਤੇ ਮੁਹੰਮਦ ਯੂਨਸ, ਜਿਸ ਵੇਲੇ ਦੁਬਈ ਤੋਂ ਪਰਤੇ ਆਪਣੇ ਇੱਕ ਹੋਰ ਮਿੱਤਰ ਮੁਹੰਮਦ ਇਮਰਾਨ ਨੂੰ ਅੰਮ੍ਰਿਤਸਰ ਤੋਂ ਲੈ ਕੇ ਬਲੈਰੋ ਗੱਡੀ ਵਿੱਚ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਇੱਕ ਕਾਲੇ ਰੰਗ ਦੀ ਈਨੋਵਾ ਗੱਡੀ ਵਿੱਚ ਬੈਠੇ ਕੁਝ ਵਿਅਕਤੀਆਂ ਨੇ ਬਹਿਮਣ ਦੀਵਾਨਾਂ ਪਿੰਡ ਨੇੜੇ ਇਸ਼ਾਰਾ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ਕਰਤਾ ਅਨੁਸਾਰ ਇਸ ਦੌਰਾਨ ਈਨੋਵਾ ਗੱਡੀ ਸਵਾਰ ਲੋਕਾਂ ਦੇ ਕੁਝ ਹੋਰ ਸਾਥੀ ਉੱਥੇ ਆਲਟੋ ਗੱਡੀ ਵਿੱਚ ਆ ਕੇ ਵੀ ਰੁਕ ਗਏ ਤੇ ਈਨੋਵਾ ਵਿੱਚੋਂ ਉਤਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਐਸਐਸਓ ਸੀਕੇ ਪ੍ਰਰੈਸ਼ਰ ਦੱਸਦਿਆਂ ਉਨ੍ਹਾਂ ਨੂੰ ਧੱਕੇ ਨਾਲ ਥਾਣਾ ਮੌੜ ਮੰਡੀ ਲਿਜਾਣ ਦੇ ਹੁਕਮ ਦਿੱਤੇ। ਜਿੱਥੇ ਜਾ ਕੇ ਉਨ੍ਹਾਂ ਨੇ ਚਾਰ ਘੰਟੇ ਤੱਕ ਸ਼ਿਕਾਇਤਕਰਤਾ ਅਤੇ ਉਸ ਦੇ ਸਾਥੀਆਂ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਅਤੇ ਈਨੋਵਾ ਗੱਡੀ ਵਾਲੇ ਵਿਅਕਤੀਆਂ ਨੇ ਤਾਂ ਉਨ੍ਹਾਂ ਦੇ ਸਾਰੀਆਂ ਕੀਮਤੀ ਵਸਤਾਂ ਅਤੇ ਉਹ ਦੋ ਕਿੱਲੋ 400 ਗ੍ਰਾਂਮ ਸੋਨਾ ਵੀ ਖੋਹ ਲਿਆ ਜਿਹੜਾ ਕਿ ਮੁਹੰਮਦ ਇਮਰਾਨ ਦੁਬਈ ਤੋਂ ਲੈ ਕੇ ਆਇਆ ਸੀ।
ਭਾਵੇਂ ਕਿ ਪੁਲਿਸ ਨੇ ਇਸ ਸ਼ਿਕਾਇਤ ਦੇ ਅਧਾਰ ‘ਤੇ ਐਚਐਚਓ ਪ੍ਰੈਰਸਰ ਉਸ ਦੇ ਅੰਗਰੱਖਿਅਕ ਅਵਤਾਰ ਸਿੰਘ ਨਾਲ ਆਏ ਅਨੂਪ ਗਰੋਵਰ ਵਿਰੁੱਧ ਪਰਚਾ ਦਰਜ ਕਰਕੇ ਉਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ, ਕੀ ਇਮਰਾਨ ਜਿਸ ਸੋਨੇ ਬਾਰੇ ਜ਼ਿਕਰ ਕਰ ਰਿਹਾ ਹੈ ਕੀ ਉਹ ਸੋਨਾ ਅਧਿਕਾਰਿਤ ਤੌਰ ‘ਤੇ ਕਾਗਜੀ ਪੱਤਰੀ ਕਾਰਵਾਈ ਨਾਲ ਲਿਆਇਆ ਹੈ ਜਾਂ ਫਿਰ ਲੁਕਾ ਛਿਪਾ ਕੇ, ਗੈਰ ਕਨੂੰਨੀ ਢੰਗ ਨਾਲ ਕਿਉਂਕਿ ਪੁਲਿਸ ਸੂਤਰਾਂ ਅਨੁਸਾਰ ਮੌੜ ਮੰਡੀ ਥਾਣੇ ਦੇ ਐਸਐਚਓ ਦਾ ਇਹ ਕਹਿਣਾ ਹੈ ਕਿ ਜਿਸ ਸੋਨੇ ਬਾਰੇ ਉਸ ‘ਤੇ ਦੋਸ਼ ਲਾਏ ਗਏ ਹਨ ਕਿ ਪ੍ਰਰੈਸਰ ਨੇ ਆਪਣੇ ਥਾਣਾ ਖੇਤਰ ਤੋਂ ਬਾਹਰ ਜਾ ਕੇ ਨਾਕਾ ਲਗਾਉਂਦਿਆਂ ਦੁਬਈ ਤੋਂ ਆਏ ਵਿਅਕਤੀ ਖੋਹ ਲਿਆ ਉਹ ਸੋਨਾ ਮੁਹੰਮਦ ਇਮਰਾਨ ਖਿਡਾਉਣੇ ਵਿੱਚ ਛਿਪਾ ਕੇ ਲਿਆਇਆ ਸੀ।