ਚੰਡੀਗੜ੍ਹ: ਦੇਸ਼ਭਰ ਵਿੱਚ ਮਹਿਲਾਵਾਂ ਨਾਲ ਵੱਧ ਰਹੀਆਂ ਜਬਰ ਜਨਾਹ ਦੀਆਂ ਘਟਨਾਵਾਂ ਤੇ ਹਾਲ ਹੀ ‘ਚ ਹੈਦਰਾਬਾਦ ‘ਚ ਮਹਿਲਾ ਡਾਕਟਰ ਦੇ ਨਾਲ ਗੈਂਗਰੇਪ ਕਰ ਉਸ ਨੂੰ ਜ਼ਿੰਦਾ ਸਾੜਨ ਦੀ ਵਾਰਦਾਤ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਦੀ ਸੁਰੱਖਿਆ ਦੇ ਲਈ ਵੱਡਾ ਫੈਸਲਾ ਲਿਆ ਹੈ।
ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਸਪੈਸ਼ਲ ਪੀ.ਸੀ.ਆਰ. ਟੀਮਾਂ ਤਾਇਨਾਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਪੀ.ਸੀ.ਆਰ. ਟੀਮ ‘ਚ ਹਮੇਸ਼ਾ ਇੱਕ ਮਹਿਲਾ ਮੁਲਾਜ਼ਮ ਵੀ ਤਾਇਨਾਤ ਰਹੇਗੀ। ਮਿਲੀਆਂ ਰਿਪੋਰਟਾਂ ਅਨੁਸਾਰ ਇਹ ਟੀਮਾਂ ਨੂੰ ਪਹਿਲਾਂ ਮੋਹਾਲੀ, ਪਟਿਆਲਾ ਅਤੇ ਬਠਿੰਡਾ ‘ਚ ਤਾਇਨਾਤ ਕੀਤਾ ਜਾਵੇਗਾ।
ਇਸ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਹਨ ਕਿ ਇਸ ਸੁਵਿਧਾ ਨੂੰ ਸੂਬੇ ਭਰ ‘ਚ ਲਾਗੂ ਕੀਤਾ ਜਾਵੇ।
ਮਹਿਲਾਵਾਂ ਕਿਸੇ ਵੀ ਐਮਰਜੈਂਸੀ ‘ਚ 100, 112 ਅਤੇ 181 ‘ਤੇ ਕਾਲ ਕਰਕੇ ਪੀ.ਸੀ.ਆਰ. ਟੀਮ ਨਾਲ ਸੰਪਰਕ ਕਰ ਸਕਦੀਆਂ ਹਨ ਇਸ ਤੋਂ ਇਲਾਵਾ ਮਹਿਲਾਵਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਤੱਕ ਪਹੁੰਚਾਉਣਾ ਵੀ ਪੀ.ਸੀ.ਆਰ. ਟੀਮ ਦੀ ਜ਼ਿੰਮੇਵਾਰੀ ਹੋਵੇਗੀ।