ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਿਕ ਨਿਵੇਸ਼ ਵਧਾਉਣ ਲਈ ਵਚਨਬੱਧ ਹੈ।
ਇਸ ਦਿਸ਼ਾ ਵਿੱਚ ਨੈਸਕੌਮ ਅਤੇ ਟੀ.ਆਈ.ਈ. ਚੰਡੀਗੜ੍ਹ ਵੱਲੋਂ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ ਵੀਡੀਓ ਕਾਨਫਰੰਸ ਰਾਹੀਂ ਇੱਕ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪ੍ਰਮੁੱਖ ਸਕੱਤਰ ਆਈ.ਪੀ., ਆਈ.ਐਂਡ.ਸੀ. ਅਤੇ ਆਈ.ਟੀ. ਦਿਲੀਪ ਕੁਮਾਰ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਹੋਈ ਇਸ ਗੱਲਬਾਤ ਦੌਰਾਨ ਦੇਸ਼ ਭਰ ਦੇ ਆਈ.ਟੀ. ਉਦਯੋਗ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਦਿਲੀਪ ਕੁਮਾਰ, ਆਈ.ਏ.ਐਸ., ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ, ਉਦਯੋਗ ਅਤੇ ਵਣਜ, ਅਤੇ ਆਈ.ਟੀ.ਨੇ ਆਈ.ਟੀ. ਉਦਯੋਗ ਦੇ ਆਗੂਆਂ ਨੂੰ ਪੰਜਾਬ ਵਿੱਚ ਆਪਣੀਆਂ ਵਪਾਰਕ ਇਕਾਈਆਂ ਸਥਾਪਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਕਸਾਰ ਸ਼ਹਿਰੀਕਰਨ, ਉਦਾਰਵਾਦੀ ਅਤੇ ਉਦਯੋਗ ਪੱਖੀ ਨੀਤੀਆਂ, ਸਾਫ਼ ਅਤੇ ਸਿਹਤਮੰਦ ਵਾਤਾਵਰਣ ਅਤੇ ਸੜਕਾਂ, ਰੇਲਵੇ ਅਤੇ ਹਵਾਈ ਮਾਰਗਾਂ ਦੇ ਰੂਪ ਵਿੱਚ ਬਿਹਤਰ ਸੰਪਰਕ ਦੇ ਨਾਲ ਸੂਬੇ ਵਿੱਚ ਨਿਵੇਸ਼ ਲਈ ਸਾਜਗਾਰ ਮਾਹੌਲ ਹੈ।
ਉਨ੍ਹਾਂ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਇਨਵੈਸਟ ਪੰਜਾਬ ਵੱਖ-ਵੱਖ ਖੇਤਰਾਂ ਜਿਵੇਂ ਕਿ ਆਈ.ਟੀ./ਆਈ.ਟੀ.ਈ.ਐਸ., ਸਟੀਲ, ਫਾਰਮਾਸਿਊਟੀਕਲ, ਕੱਪੜਾ, ਖੇਡਾਂ ਦੇ ਸਮਾਨ, ਐਗਰੋ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰੀ ਵਿੱਚ ਵੱਡੇ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਮੋਹਾਲੀ ਦੇ ਆਈ ਟੀ ਲਈ ਇੱਕ ਪਸੰਦੀਦਾ ਥਾਂ ਵਜੋਂ ਉਭਰਨ ਅਤੇ ਇਨਵੈਸਟ ਪੰਜਾਬ ਦੁਆਰਾ ਆਈ ਟੀ ਕੰਪਨੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਸਹਾਇਤਾ ਵਰਗੇ ਮੁੱਦਿਆਂ ਤੇ ਵੀ ਵਿਚਾਰਚਰਚਾ ਕੀਤੀ ਗਈ। ਆਊਟਰੀਚ ਪ੍ਰੋਗਰਾਮ ਦੌਰਾਨ ਇਨਵੈਸਟ ਪੰਜਾਬ ਦੀ ਟੀਮ ਨੇ ਵਰਚੁਅਲ ਕਾਨਫਰੰਸ ਰਾਹੀਂ ਸ਼ਾਮਲ ਹੋਏ ਆਈਟੀ ਉਦਯੋਗ ਦੇ ਆਗੂਆਂ ਨੂੰ ਸੂਬੇ ਦੇ ਸਾਜਗਾਰ ਉਦਯੋਗਿਕ ਮਾਹੌਲ ਬਾਰੇ ਚਾਨਣਾ ਪਾਇਆ।