ਮਜੀਠਾ: ਅੰਮ੍ਰਿਤਸਰ ਦੇ ਮਜੀਠਾ ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਹੋਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਪਿੰਡ ਭਗਵਾ ਦਾ 45 ਸਾਲਾ ਸਾਹਿਬ ਸਿੰਘ ਅਤੇ ਪਿੰਡ ਸਾਰਚੂਰ ਦਾ 30 ਸਾਲਾ ਬਲਦੇਵ ਸਿੰਘ ਸ਼ਾਮਲ ਹਨ। ਇਸ ਘਾਤਕ ਘਟਨਾ ਵਿਚ ਹੁਣ ਤੱਕ ਕੁੱਲ 23 ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਦਿਹਾੜੀ ਕਰਕੇ ਪਰਿਵਾਰ ਚਲਾਉਂਦੇ ਸਨ
ਸਾਹਿਬ ਸਿੰਘ ਦੇ ਵੱਡੇ ਭਰਾ ਜਸਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਮੌਤ ਬਹੁਤ ਦੁਖਦਾਈ ਹੈ। ਉਹ ਦਿਨ ਦੀ ਕਮਾਈ ਨਾਲ ਆਪਣਾ ਜੀਵਨ ਚਲਾਉਂਦੇ ਸਨ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰਾਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਹੁਣ ਵੀ ਕਈ ਮਰੀਜ਼ ਹਸਪਤਾਲ ‘ਚ ਦਾਖਲ
ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਭਗਵਾ ‘ਚ ਹੀ ਜ਼ਹਿਰੀਲੀ ਸ਼ਰਾਬ ਕਾਰਨ 6 ਮੌਤਾਂ ਹੋ ਚੁੱਕੀਆਂ ਹਨ, ਜਦਕਿ 4-5 ਹੋਰ ਵਿਅਕਤੀ ਹਸਪਤਾਲ ‘ਚ ਭਰਤੀ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਵਿਚੋਂ ਕਈ ਵੈਂਟੀਲੇਟਰ ‘ਤੇ ਹਨ, ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਖਤਮ ਹੋ ਗਈ ਅਤੇ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ।
ਦਿੱਲੀ ਤੋਂ ਮੁੱਖ ਦੋ ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਪੁਲਿਸ ਨੇ ਨਕਲੀ ਸ਼ਰਾਬ ਮਾਮਲੇ ‘ਚ ਕਾਰਵਾਈ ਕਰਦਿਆਂ ਦਿੱਲੀ ਦੇ ਮਾਡਲ ਟਾਊਨ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਦੇ ਬਿਆਨ ਮੁਤਾਬਕ ਮੁੱਖ ਦੋਸ਼ੀ ਸਾਹਿਬ ਸਿੰਘ, ਰਿਸ਼ਭ ਜੈਨ ਨਾਲ ਸਿੱਧੇ ਸੰਪਰਕ ‘ਚ ਸੀ। ਵਟਸਐਪ ਚੈਟ ਦੇ ਆਧਾਰ ‘ਤੇ ਪਤਾ ਲੱਗਾ ਕਿ ਰਿਸ਼ਭ ਨੇ ਸਾਹਿਬ ਸਿੰਘ ਨੂੰ ਇੱਕ ਖੇਪ ਦਿੱਤੀ ਸੀ, ਜਿਸਦਾ ਇਸਤੇਮਾਲ ਪੰਜਾਬ ‘ਚ ਨਕਲੀ ਸ਼ਰਾਬ ਬਣਾਉਣ ਲਈ ਕੀਤਾ ਗਿਆ। ਇਸ ਸਬੰਧੀ ਬੀਐਨਐਸ ਅਤੇ ਆਬਕਾਰੀ ਐਕਟ ਹੇਠ ਐਫਆਈਆਰ ਦਰਜ ਕਰ ਲੈ ਗਈ ਹੈ ਅਤੇ ਹੋਰ ਸਾਜ਼ਿਸ਼ਾਂ ਦੀ ਜਾਂਚ ਜਾਰੀ ਹੈ।
ਪੰਜਾਬ ਪੁਲਿਸ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੀਆਂ ਗੈਰ-ਕਾਨੂੰਨੀ ਸਰਗਰਮੀਆਂ ‘ਤੇ ਰੋਕ ਲਾਉਣ ਲਈ ਕੜੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਲੋਕਾਂ ਦੀ ਜਾਨ ਅਮਾਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ।