ਚੰਡੀਗੜ੍ਹ, 28 ਮਾਰਚ: ਪੰਜਾਬ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਦੋ ਹੋਰ ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਸੂਬਾ ਸਰਕਾਰ ਨੇ ਸੋਮਵਾਰ (31 ਮਾਰਚ) ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਸ ਦਿਨ ਈਦ ਉਲ ਫਿਤਰ ਹੈ। ਜਿਸ ਕਾਰਨ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਦਿਨ ਸਕੂਲ, ਕਾਲਜ, ਦਫ਼ਤਰ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। 31 ਮਾਰਚ ਨੂੰ ਸੋਮਵਾਰ ਹੈ, ਜਦਕਿ 30 ਮਾਰਚ ਨੂੰ ਐਤਵਾਰ ਹੈ ਅਤੇ ਇਸ ਲਈ ਲਗਾਤਾਰ ਦੋ ਛੁੱਟੀਆਂ ਹੋਣਗੀਆਂ।
ਦੱਸ ਦਈਏ ਕਿ ਹਰ ਸਾਲ ਈਦ ਦੇ ਮੌਕੇ ‘ਤੇ ਦੇਸ਼ ‘ਚ ਬੈਂਕ ਬੰਦ ਰਹਿੰਦੇ ਹਨ ਪਰ ਇਸ ਵਾਰ ਆਰਬੀਆਈ ਨੇ ਵੱਖਰਾ ਕਦਮ ਚੁੱਕਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ, 31 ਮਾਰਚ, 2025 ਨੂੰ ਬੈਂਕਾਂ ਨੂੰ ਖੁੱਲ੍ਹੇ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਇਸ ਵਾਰ ਈਦ ਦੇ ਬਾਵਜੂਦ ਬੈਂਕ ਖੁੱਲ੍ਹੇ ਰਹਿਣਗੇ।ਇਹ ਨਿਰਦੇਸ਼ ਉਨ੍ਹਾਂ ਸਾਰੇ ਬੈਂਕਾਂ ‘ਤੇ ਲਾਗੂ ਹੋਣਗੇ ਜੋ ਸਰਕਾਰੀ ਲੈਣ-ਦੇਣ ਕਰਦੇ ਹਨ। ਆਰਬੀਆਈ ਨੇ ਇਹ ਫੈਸਲਾ ਵਿੱਤੀ ਸਾਲ 2024-25 ਦੇ ਲੈਣ-ਦੇਣ ਨੂੰ ਸਹੀ ਢੰਗ ਨਾਲ ਨਿਪਟਾਉਣ ਲਈ ਲਿਆ ਹੈ।
ਇਸ ਦੇ ਨਾਲ ਹੀ ਹਰਿਆਣਾ ‘ਚ ਵੀ ਈਦ ਮੌਕੇ ਛੁੱਟੀ ਨਹੀਂ ਰਹੇਗੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪਹਿਲੀ ਵਾਰ ਸੂਬੇ ਵਿੱਚ ਈਦ ਦੀ ਗਜ਼ਟਿਡ ਛੁੱਟੀ ਰੱਦ ਕਰ ਦਿੱਤੀ ਹੈ। ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸਬੰਧੀ ਪੱਤਰ ਜਾਰੀ ਕੀਤਾ। ਮੁੱਖ ਸਕੱਤਰ ਨੇ ਪੱਤਰ ਵਿੱਚ ਦੱਸਿਆ ਕਿ ਵਿੱਤੀ ਸਾਲ 2024-25 ਦੀ ਸਮਾਪਤੀ ਕਾਰਨ ਛੁੱਟੀ ਰੱਦ ਕਰ ਦਿੱਤੀ ਗਈ ਹੈ। 29 ਅਤੇ 30 ਮਾਰਚ ਵੀਕਐਂਡ ਹਨ ਅਤੇ 31 ਮਾਰਚ 2025 ਵਿੱਤੀ ਸਾਲ ਦਾ ਆਖਰੀ ਦਿਨ ਹੈ। ਸੂਬੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਈਦ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਵੀ ਕਿਹਾ ਇਹ ਫੈਸਲਾ ਵਿੱਤੀ ਸਾਲ ਖਤਮ ਹੋਣ ਕਾਰਨ ਲਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।