ਚੰਡੀਗੜ੍ਹ : ਫਰਵਰੀ ਦੀ ਸ਼ੁਰੂਆਤ ਦੇ ਨਾਲ ਹੀ ਮੌਸਮ ਦੇ ਦੋ ਵੱਖੋ ਵੱਖਰੇ ਅੰਦਾਜ਼ ਦੇਖਣ ਨੂੰ ਮਿਲੇ। ਜਿੱਥੇ ਦਿਨ ਵੇਲੇ ਤੇਜ਼ ਧੁੱਪ ਰਾਹਤ ਲਿਆਉਂਦੀ ਹੈ, ਉੱਥੇ ਹੀ ਸਵੇਰੇ ਅਤੇ ਰਾਤ ਨੂੰ ਵੱਧ ਰਹੀ ਠੰਢ ਨੇ ਇੱਕ ਵਾਰ ਫਿਰ ਕੰਬਣੀ ਛੇੜ ਦਿੱਤੀ ਹੈ। ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ, 5 ਅਤੇ 6 ਫਰਵਰੀ ਨੂੰ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਦੂਜੇ ਪਾਸੇ, ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਅਤੇ ਤੇਜ਼ ਠੰਢੀਆਂ ਹਵਾਵਾਂ ਕਾਰਨ ਲੋਕਾਂ ਨੂੰ ਆਮ ਤਾਪਮਾਨ ਦੇ ਬਾਵਜੂਦ ਜ਼ਿਆਦਾ ਠੰਢ ਦਾ ਅਹਿਸਾਸ ਹੋ ਰਿਹਾ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (ਵੀਰਵਾਰ) ਸਵੇਰੇ ਅਤੇ ਸ਼ਾਮ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ-ਅੰਬਾਲਾ ਅਤੇ ਅੰਬਾਲਾ-ਦਿੱਲੀ ਹਾਈਵੇਅ ‘ਤੇ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਹਾਲਾਂਕਿ, 10 ਵਜੇ ਤੱਕ ਧੁੱਪ ਨਿਕਲ ਆਵੇਗੀ, ਜਿਸ ਨਾਲ ਧੁੰਦ ਸਾਫ਼ ਹੋ ਜਾਵੇਗੀ। ਇਸ ਸਮੇਂ ਉੱਤਰ ਦਿਸ਼ਾ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਠੰਢ ਦਾ ਅਸਰ ਬਣਿਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ 9 ਫਰਵਰੀ ਤੱਕ ਮੌਸਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਹੈ। 9 ਫਰਵਰੀ ਤੋਂ ਪੱਛਮੀ ਗੜਬੜੀ ਸਰਗਰਮ ਹੋਵੇਗੀ ਜਿਸ ਦੇ ਪ੍ਰਭਾਵ ਨਾਲ 10 ਫਰਵਰੀ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਹਰਿਆਣਾ ਦੇ ਤਾਪਮਾਨ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਜਾਰੀ ਹੈ। 9 ਅਤੇ 10 ਫਰਵਰੀ ਨੂੰ ਮੌਸਮ ਬਦਲੇਗਾ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਬੁੱਧਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ ਸੀ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਹਾਲਾਂਕਿ, ਅੱਜ (5 ਫਰਵਰੀ) ਕੋਹਰੇ ਦਾ ਅਸਰ ਕੁਝ ਘੱਟ ਹੋਇਆ ਹੈ ਅਤੇ ਸਿਰਫ਼ ਸੀਮਤ ਥਾਵਾਂ ‘ਤੇ ਹੀ ਧੁੰਦ ਦੇਖੀ ਗਈ ਹੈ। ਸਵੇਰ ਦੇ ਸਮੇਂ ਵਿਜ਼ੀਬਿਲਟੀ (ਦਿੱਖ) ਘੱਟ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। 6 ਅਤੇ 7 ਫਰਵਰੀ ਨੂੰ ਆਸਮਾਨ ਵਿੱਚ ਅੰਸ਼ਕ ਤੌਰ ‘ਤੇ ਬੱਦਲਵਾਈ ਅਤੇ ਦਰਮਿਆਨੀ ਤੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
9 ਫਰਵਰੀ ਨੂੰ ਇੱਕ ਹੋਰ ਪੱਛਮੀ ਗੜਬੜੀ ਦੇ ਅੰਸ਼ਕ ਪ੍ਰਭਾਵ ਕਾਰਨ, 9 ਫਰਵਰੀ ਦੀ ਰਾਤ ਅਤੇ 10 ਫਰਵਰੀ ਨੂੰ ਸੂਬੇ ਵਿੱਚ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗੀ ਅਤੇ ਕਿਤੇ-ਕਿਤੇ ਹਵਾਵਾਂ ਤੇ ਗਰਜ-ਚਮਕ ਦੇ ਨਾਲ ਬੂੰਦਾ-ਬਾਂਦੀ ਜਾਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਤਰ-ਪੱਛਮੀ ਹਵਾਵਾਂ ਚੱਲਣ ਕਾਰਨ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।

