ਮੁਆਫ਼ੀ ਨਾ ਮੰਗਣ ’ਤੇ ਪੰਜਾਬ ਸਰਕਾਰ ਦਲਿਤ ਸਮਾਜ ਦੇ ਸੰਗਠਨਾਂ ਦੀ ਮੰਗ ਅਨੁਸਾਰ ਐਸ.ਸੀ/ ਐਸ.ਟੀ ਐਕਟ ਤਹਿਤ ਕਰੇਗੀ ਕਾਰਵਾਈ: ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ

TeamGlobalPunjab
4 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾਂ ਗਾਂਧੀ ਨੂੰ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਲਿਤ ਸਮਾਜ ਵਿਰੋਧੀ ਕੀਤੀ ਟਿੱਪਣੀ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ ਦੀ ਚੁਣੌਤੀ ਦਿੱਤੀ ਹੈ। ਇਹ ਚੁਣੌਤੀ ਦਿੰਦਿਆਂ ‘ਆਪ’ ਦੇ ਵਿਧਾਇਕ ਤੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਜੇ ਕਾਂਗਰਸ ਹਾਈਕਮਾਂਡ ਨੇ ਸੁਨੀਲ ਜਾਖੜ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਜਾਂ ਹਾਈਕਮਾਂਡ ਸਮੇਤ ਸੁਨੀਲ ਜਾਖੜ ਨੇ ਮੁਆਫੀ ਨਾ ਮੰਗੀ ਤਾਂ ਦਲਿਤ ਸਮਾਜ ਦੇ ਸੰਗਠਨਾਂ ਦੀ ਮੰਗ ਅਨੁਸਾਰ ਪੰਜਾਬ ਸਰਕਾਰ ਕਾਨੂੰਨੀ ਕਾਰਵਾਈ ਕਰੇਗੀ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਸ਼ ਲਾਇਆ, ‘‘ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਆਪਣੀ ਗੰਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਦਲਿਤ ਸਮਾਜ ਦਾ ਅਪਮਾਨ ਕੀਤਾ ਹੈ, ਪਰ ਸੋਨੀਆ ਗਾਂਧੀ ਅਤੇ ਕਾਂਗਰਸ ਹਾਈਕਮਾਂਡ ਨੇ ਸੁਨੀਲ ਜਾਖੜ ਖਿਲਾਫ਼ ਕਾਰਵਾਈ ਕਰਨ ਦੀ ਥਾਂ ਚੁੱਪ ਰਹਿ ਕੇ ਸੁਨੀਲ ਜਾਖੜ ਦੀ ਪਿੱਠ ਥਾਪੜੀ ਹੈ। ਕਾਂਗਰਸ ਹਾਈਕਮਾਂਡ ਦੀ ਚੁੱਪ ਅਤੇ ਸੁਨੀਲ ਜਾਖੜ ਵੱਲੋਂ ਦਲਿਤ ਸਮਾਜ ਕੋਲੋਂ ਮੁਆਫ਼ੀ ਨਾ ਮੰਗਣ ਤੋਂ ਸਿੱਧ ਹੁੰਦਾ ਹੈ ਕਿ ਕਾਂਗਰਸ ਦੀਆਂ ਨਜ਼ਰਾਂ ’ਚ ਦਲਿਤ ਸਮਾਜ ਦੀ ਕੋਈ ਇੱਜਤ ਨਹੀਂ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ’ਚ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਦਲਿਤ ਸਮਾਜ ਦੇ ਆਗੂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਤਾਂ ਜ਼ਰੂਰ ਬਣਾਇਆ ਸੀ, ਪਰ ਕਾਂਗਰਸ ਦੇ ਪੰਜਾਬੀ ਅਤੇ ਕੌਮੀ ਆਗੂਆਂ ਦੀ ਮਾਨਸਿਕਤਾ ਵਿੱਚ ਦਲਿਤ ਅਤੇ ਗਰੀਬ ਸਮਾਜ ਪ੍ਰਤੀ ਨਫ਼ਰਤ ਭਰੀ ਪਈ ਹੈ। ਜਿਸ ਦਾ ਪ੍ਰਗਟਾਵਾ ਸੁਨੀਲ ਜਾਖੜ ਦਲਿਤ ਸਮਾਜ ਵਿਰੋਧੀ ਬਿਆਨ ਰਾਹੀਂ ਕੀਤਾ ਗਿਆ ਹੈ।

ਵਿਧਾਇਕ ਗਿਆਸਪੁਰਾ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਸੰਨ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਸੀ ਅਤੇ ਇਸ ਕਤਲੇਆਮ ਦੀ ਮੁਆਫ਼ੀ ਵੀ ਸਿੱਖ ਆਗੂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਹੀ ਮੰਗੀ ਸੀ। ਇਹੋ ਵਰਤਾਰਾ ਹੁਣ ਕਾਂਗਰਸ ਜਮਾਤ ਦਲਿਤ ਸਮਾਜ ਦਾ ਅਪਮਾਨ ਕਰਨ ਵਾਲੇ ਸੁਨੀਲ ਜਾਖੜ ਦੇ ਬਿਆਨ ਬਾਰੇ ਅਖਤਿਆਰ ਕਰੇਗੀ। ਇਸੇ ਲਈ ਗਾਂਧੀ ਪਰਿਵਾਰ ਚੁੱਪ ਧਾਰੀ ਬੈਠਾ ਹੈ।

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ, ‘‘ਸੁਨੀਲ ਜਾਖੜ ਦਾ ਬਿਆਨ ਪੰਜਾਬੀ ਸਮਾਜ ਅਤੇ ਮਾਨਵਤਾ ਵਿਰੋਧੀ ਹੈ। ਕਾਂਗਰਸ ਲੰਮਾ ਸਮਾਂ ਦਲਿਤ ਸਮਾਜ ਦੇ ਸਿਰ ’ਤੇ ਆਪਣੀ ਰਾਜਨੀਤੀ ਚਲਾਉਂਦੀ ਰਹੀ ਹੈ, ਪਰ ਕਾਂਗਰਸ ਨੂੰ ਦਲਿਤ ਸਮਾਜ ਦੇ ਮਾਣ ਸਨਮਾਨ ਦੀ ਕੋਈ ਚਿੰਤਾ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਨੇ ਨਾ ਤਾਂ ਸੁਨੀਲ ਜਾਖੜ ਖਿਲਾਫ਼ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਸੁਨੀਲ ਜਾਖੜ ਨੇ ਦਲਿਤ ਸਮਾਜ ਕੋਲੋਂ ਮੁਆਫ਼ੀ ਮੰਗੀ ਹੈ।

- Advertisement -

ਵਿਧਾਇਕ ਹੈਪੀ ਨੇ ਕਿਹਾ ਕਿ ਸੁਨੀਲ ਜਾਖੜ ਦੇ ਬਿਆਨ ਨਾਲ ਕੇਵਲ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਦਲਿਤ ਸਮਾਜ ਦੇ ਸਵੈਮਾਨ ਨੂੰ ਗਹਿਰੀ ਸੱਟ ਲੱਗੀ ਹੈ। ਪੰਜਾਬ ਦੇ ਲੋਕ ਅਜਿਹੀ ਘਟੀਆ ਮਾਨਸਿਕਤਾ ਨੂੰ ਕਦੇ ਸਵੀਕਾਰ ਨਹੀਂ ਕਰਨਗੇ ਅਤੇ ਦੇਸ਼ ਦਾ ਦਲਿਤ ਸਮਾਜ ਕਾਂਗਰਸ ਕੋਲੋਂ ਆਪਣੇ ਅਪਮਾਨ ਦਾ ਬਦਲਾ ਜ਼ਰੂਰ ਲਵੇਗਾ।

‘ਆਪ’ ਵਿਧਾਇਕਾਂ ਨੇ ਕਿਹਾ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾਂ ਗਾਂਧੀ ਸਮੇਤ ਸੁਨੀਲ ਜਾਖੜ ਨੂੰ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਜੇ ਕਾਂਗਰਸੀ ਆਗੂਆਂ ਨੇ ਮੁਆਫ਼ੀ ਨਾ ਮੰਗੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਲਿਤ ਸਮਾਜ ਦੇ ਸੰਗਠਨਾਂ ਦੀ ਮੰਗ ਅਨੁਸਾਰ ਸੁਨੀਲ ਜਾਖੜ ਖਿਲਾਫ਼ ਐਸ.ਸੀ/ ਐਸ.ਟੀ ਐਕਟ ਤਹਿਤ ਕਾਰਵਾਈ ਕਰੇਗੀ।

Share this Article
Leave a comment