ਪੰਜਾਬ ਸਰਕਾਰ ਬੰਦ ਕਰਨ ਜਾ ਰਹੀ 19ਵਾਂ ਟੋਲ ਪਲਾਜ਼ਾ, ਗੜਬੜੀਆਂ ਪਾਏ ਜਾਣ ਕਰਕੇ ਸਮੇਂ ਤੋਂ ਪਹਿਲਾਂ ਹੀ ਕੀਤਾ ਜਾ ਰਿਹਾ ਬੰਦ

Global Team
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਜ ਮਾਰਗ ‘ਤੇ ਸਥਿਤ ਜਗਰਾਉਂ–ਨਕੋਦਰ ਰੋਡ ਦੇ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਵਿੱਚ ਇਹ 19ਵਾਂ ਟੋਲ ਪਲਾਜ਼ਾ ਹੋਵੇਗਾ ਜਿਸ ਨੂੰ ਬੰਦ ਕੀਤਾ ਜਾ ਰਿਹਾ ਹੈ।

ਇਸ ਟੋਲ ਪਲਾਜ਼ਾ ਦੀ ਮਿਆਦ 11 ਮਈ 2027 ਤੱਕ ਸੀ, ਪਰ ਹੁਣ ਇਸ ਨੂੰ ਸਵਾ ਦੋ ਸਾਲ ਪਹਿਲਾਂ ਹੀ ਬੰਦ ਕੀਤਾ ਜਾ ਰਿਹਾ ਹੈ। ਕੰਪਨੀ ਨੂੰ ਇਸ ਸਬੰਧੀ ਨੋਟਿਸ ਭੇਜ ਦਿੱਤਾ ਗਿਆ ਹੈ ਅਤੇ ਵਿਭਾਗ ਨੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਇਸ ਦੀ ਸਾਰੀ ਕਾਰਵਾਈ ਪੂਰੀ ਕਰਕੇ ਹਰੀ ਝੰਡੀ ਦੇ ਦਿੱਤੀ ਹੈ।

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਿੱਥੇ ਸਹੂਲਤਾਂ ਨਹੀਂ, ਉੱਥੇ ਟੋਲ ਵੀ ਨਹੀਂ ਹੋਵੇਗਾ। ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਸ ਦੀ ਪੁਸ਼ਟੀ ਬੀਐਂਡਆਰ ਵਿਭਾਗ ਦੇ ਚੀਫ਼ ਇੰਜੀਨੀਅਰ ਅਤੇ ਸੀਨੀਅਰ ਅਧਿਕਾਰੀਆਂ ਨੇ ਕੀਤੀ ਹੈ।

ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਆਪ ਸਰਕਾਰ ਨੇ 18 ਟੋਲ ਪਲਾਜ਼ਾ ਬੰਦ ਕੀਤੇ ਹਨ, ਜੋ ਰਾਜ ਮਾਰਗਾਂ ‘ਤੇ ਬਿਲਟ-ਆਪਰੇਟ-ਟਰਾਂਸਫ਼ਰ (BOT) ਅਤੇ ਆਪਰੇਸ਼ਨ ਮੇਨਟੇਨੈਂਸ (OM) ਮਾਡਲ ਅਧੀਨ ਚੱਲ ਰਹੇ ਸਨ। ਸਰਕਾਰੀ ਦਾਅਵਿਆਂ ਮੁਤਾਬਕ, ਆਪ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕੋਈ ਨਵਾਂ ਟੋਲ ਪਲਾਜ਼ਾ ਨਹੀਂ ਬਣਾਇਆ ਗਿਆ। ਹੁਣ ਸਿਰਫ਼ ਦੋ ਟੋਲ ਪਲਾਜ਼ਾ ਹੀ ਬਚੇ ਹਨ, ਜਿੱਥੇ ਜੇ ਨਿਯਮਾਂ ਜਾਂ ਸਹੂਲਤਾਂ ਵਿੱਚ ਕਮੀ ਮਿਲੀ ਤਾਂ ਉੱਥੇ ਵੀ ਕਾਰਵਾਈ ਕੀਤੀ ਜਾਵੇਗੀ।

ਹੁਣ ਤੱਕ ਬੰਦ ਕੀਤੇ ਗਏ ਕੁਝ ਟੋਲ ਪਲਾਜ਼ਾ ਦੀ ਸੂਚੀ ਹੇਠਾਂ ਪੜ੍ਹੋ —

  • ਟਾਂਡਾ–ਹੋਸ਼ਿਆਰਪੁਰ ਰੋਡ ‘ਤੇ ਲਾਚੋਵਾਲ ਟੋਲ
  • ਬਾਲਾਚੌਰ–ਗੜ੍ਹਸ਼ੰਕਰ–ਦਸੂਹਾ ਰੋਡ ‘ਤੇ ਮਾਜਰੀ (ਐਸ.ਬੀ.ਐਸ. ਨਗਰ)
  • ਨੰਗਲ ਸ਼ਹੀਦਾਂ ਅਤੇ ਮਾਨਗੜ੍ਹ (ਹੁਸ਼ਿਆਰਪੁਰ)
  • ਮੱਖੂ ‘ਚ ਮੱਖੂ ਪੁਲ ਪਲਾਜ਼ਾ
  • ਕੀਰਤਪੁਰ ਸਾਹਿਬ–ਨੰਗਲ–ਊਨਾ ਰੋਡ ਟੋਲ ਪਲਾਜ਼ਾ
  • ਪਟਿਆਲਾ ਵਿੱਚ ਸਮਾਣਾ–ਪਾਤੜਾਂ ਰੋਡ ‘ਤੇ
  • ਮੋਗਾ–ਕੋਟਕਪੂਰਾ ਰੋਡ ‘ਤੇ
  • ਫਾਜ਼ਿਲਕਾ–ਫਿਰੋਜ਼ਪੁਰ ਹਾਈਵੇ ‘ਤੇ
  • ਦਾਖਾ–ਬਰਨਾਲਾ ਸਟੇਟ ਹਾਈਵੇ (ਐਸ.ਐਚ. 13) ‘ਤੇ ਟੋਲ ਰਕਬਾ ਤੋਂ ਮੇਹਲ ਕਲਾਂ ਤੱਕ
  • ਭਵਾਨੀਗੜ੍ਹ–ਨਾਭਾ–ਗੋਬਿੰਦਗੜ੍ਹ ਰੋਡ ‘ਤੇ ਦੋ ਟੋਲ
  • ਪਟਿਆਲਾ–ਨਾਭਾ–ਮਲੇਰਕੋਟਲਾ ਅਤੇ ਲੁਧਿਆਣਾ–ਮਲੇਰਕੋਟਲਾ–ਸੰਗਰੂਰ ਰੋਡ ‘ਤੇ ਲੱਡਾ ਟੋਲ ਪਲਾਜ਼ਾ
  • ਅਹਿਮਦਗੜ੍ਹ ਟੋਲ ਪਲਾਜ਼ਾ

ਵਿਭਾਗੀ ਅੰਕੜਿਆਂ ਮੁਤਾਬਕ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਕੁੱਲ 535.45 ਕਿਲੋਮੀਟਰ ਰਾਜ ਮਾਰਗਾਂ ‘ਤੇ 18 ਟੋਲ ਪਲਾਜ਼ਾ ਹਟਾਏ ਗਏ ਹਨ। ਇਹਨਾਂ ਟੋਲਾਂ ਤੋਂ ਹਰ ਰੋਜ਼ ਲਗਭਗ 61.67 ਲੱਖ ਰੁਪਏ ਦੀ ਆਮਦਨ ਹੁੰਦੀ ਸੀ, ਜੋ ਮਹੀਨੇ ਦੀ ਤਕਰੀਬਨ 18.5 ਕਰੋੜ ਅਤੇ ਸਾਲਾਨਾ 222 ਕਰੋੜ ਰੁਪਏ ਦੇ ਬਰਾਬਰ ਸੀ।

Share This Article
Leave a Comment