ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਵਿਚਾਲੇ ਦੇਸ਼ ‘ਚ ਆਕਸੀਜਨ ਦੀ ਘਾਟ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਇਸ ਵਿਚਾਲੇ ਪੰਜਾਬ ਲਈ ਰਾਹਤ ਦੀ ਖਬਰ ਹੈ ਕਿ ਸੂਬੇ ਵਿੱਚ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਕੈਪਟਨ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਪੰਜਾਬ ਵਿੱਚ ਹਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਦੇ ਸਿਲੰਡਰਾਂ ਦੀ ਸਪਲਾਈ ਆਪਣੇ ਹੱਥਾਂ ਵਿੱਚ ਲੈ ਲਈ ਗਈ ਹੈ। ਜਿਸ ਕਾਰਨ ਸੂਬੇ ‘ਚ ਹਸਪਤਾਲਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ।
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਗਲੇ ਕੁਝ ਦਿਨਾਂ ਲਈ ਪ੍ਰਾਈਵੇਟ ਸੈਕਟਰ ਜਾਂ ਕਿਸੇ ਫੈਕਟਰੀ ਨੂੰ ਆਕਸੀਜਨ ਦੇ ਸਿਲੰਡਰ ਸਪਲਾਈ ਨਹੀਂ ਕੀਤੇ ਜਾਣਗੇ। ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਪੈਦਾ ਕਰਨ ਵਾਲੇ ਪਲਾਂਟਾਂ ਦੇ ਬਾਹਰ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਆਕਸੀਜਨ ਦੀ ਸਪਲਾਈ ਯਕੀਨੀ ਤੌਰ ਤੇ ਸਿਰਫ਼ ਹਸਪਤਾਲਾਂ ਜਾਂ ਮੈਡੀਕਲ ਸੇਵਾਵਾਂ ਲਈ ਹੀ ਦਿੱਤੀ ਜਾਵੇ।
ਜੇਕਰ ਕੋਈ ਪਲਾਂਟ ਮਾਲਕ ਮੈਡੀਕਲ ਤੋਂ ਇਲਾਵਾ ਕਿਸੇ ਹੋਰ ਥਾਂ ਤੇ ਸਿਲੰਡਰ ਸਪਲਾਈ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਦਯੋਗਿਕ ਖੇਤਰ ‘ਚ ਲਗਭਗ ਇੱਕ 115 ਟਨ ਆਕਸੀਜਨ ਦੀ ਡਿਮਾਂਡ ਸੀ। ਜਿਸ ਵਿੱਚ ਪਹਿਲਾਂ 50 ਫ਼ੀਸਦ ਕਟੌਤੀ ਕੀਤੀ ਗਈ ਸੀ ਪਰ ਹੁਣ ਪੰਜਾਬ ਸਰਕਾਰ ਨੇ ਇੰਡਸਟਰੀ ‘ਚ ਆਕਸੀਜਨ ਦੀ ਸਪਲਾਈ ‘ਤੇ ਪੂਰਨ ਰੋਕ ਲਗਾ ਦਿੱਤੀ ਹੈ।