ਚੰਡੀਗੜ੍ਹ : ਪੰਜਾਬ ਸਰਕਾਰ ਦੇ 60,000 ਮੁਲਾਜ਼ਮ ਹੜਤਾਲ ਤੇ ਚੱਲ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਨੂੰ ਮਨਾਉਣ ਦੇ ਲਈ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਤ੍ਰਿਪਤ ਰਜਿੰਦਰ ਬਾਜਵਾ ਨੇ ਇਨ੍ਹਾਂ ਮੁਲਾਜ਼ਮਾਂ ਦੀਆਂ ਗੈਰ ਵਿੱਤੀ ਮੰਗਾਂ ਨੂੰ ਮੰਨਣ ਦਾ ਭਰੋਸਾ ਦਿਵਾਇਆ। ਬਾਜਵਾ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀਆਂ ਗੈਰ ਵਿੱਤੀ ਮੰਗਾਂ ਦਾ ਡਰਾਫਟ ਮੁੱਖ ਮੰਤਰੀ ਕੋਲ ਲੈ ਕੇ ਜਾਵਾਂਗਾ ਜਿਸ ਤੋਂ ਬਾਅਦ ਆਖਰੀ ਫੈਸਲਾ ਕੈਪਟਨ ਅਮਰਿੰਦਰ ਸਿੰਘ ਹੀ ਕਰਨਗੇ।
ਹੜਤਾਲ ਤੇ ਗਏ ਮੁਲਾਜ਼ਮਾਂ ਦੀਆਂ ਗੈਰ ਵਿੱਤੀ ਮੰਗਾਂ ਹਨ ਕਿ ਐੱਮਪੀਐੱਸ ਨੂੰ ਸੈਂਟਰ ਦੀ ਤਰਜ਼ ਤੇ ਫੈਮਿਲੀ ਪੈਨਸ਼ਨ ਮਿਲੇ, ਮਹਿਕਮਿਆਂ ਵਿੱਚ ਕੀਤੇ ਜਾ ਰਹੇ ਪੁਨਰ ਗਠਨ ਨੂੰ ਬੰਦ ਕੀਤਾ ਜਾਵੇ।
ਇਨ੍ਹਾਂ ਤੋਂ ਇਲਾਵਾ ਵਿੱਤੀ ਮੰਗਾਂ ਪੂਰੀਆਂ ਕਰਨ ਦੇ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਾਲ ਮੰਗਲਵਾਰ ਨੂੰ ਮੁਲਾਕਾਤ ਹੋਵੇਗੀ।
ਪੰਜਾਬ ਸਰਕਾਰ ਦੇ 60,000 ਮੁਲਾਜ਼ਮਾਂ ਵੱਲੋਂ 6 ਅਗਸਤ ਤੋਂ ਕਲਮ ਛੋੜ ਹੜਤਾਲ ਕੀਤੀ ਗਈ ਹੈ। ਸਰਕਾਰ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਮੁਲਾਜ਼ਮਾਂ ਨੇ 19 ਅਗਸਤ ਨੂੰ ਸਮੂਹਿਕ ਛੁੱਟੀ ਤੇ ਜਾਣ ਦਾ ਫੈਸਲਾ ਕੀਤਾ ਸੀ।
ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੇੈ ਕਿ ਮੋਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ, ਜਿਸ ਵਿਚ ਪੰਜਾਬ ਦੇ ਮੁਲਾਜ਼ਮਾਂ ਉੱਤੇ ਵੱਡੇ ਵਿੱਤੀ ਕੱਟ ਲਾਉਣ ਦੀ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ, ਉਹ ਬੇਹੱਦ ਸ਼ਰਮਨਾਕ ਹਨ।
ਸਰਕਾਰ ਨੇ ਹਾਲ ਹੀ ਵਿਚ ਮੁਲਾਜ਼ਮਾਂ ਦੇ ਮੋਬਾਈਲ ਭੱਤੇ ਵਿਚ ਕਟੌਤੀ, ਨਵੀਂ ਭਰਤੀ ਸੈਂਟਰਲ ਤਨਖਾਹ ਨਿਯਮਾਂ ਅਨੁਸਾਰ ਕਰਨ ਅਤੇ ਰੀ-ਸਟ੍ਰਕਚਰਿੰਗ ਬਾਰੇ ਜੋ ਮਾਰੂ ਫੈਸਲੇ ਲਏ ਹਨ, ਉਨ੍ਹਾਂ ਫੈਸਲਿਆਂ ਕਾਰਨ ਮੁਲਾਜ਼ਮਾਂ ਵਿਚ ਸਰਕਾਰ ਖਿਲਾਫ਼ ਬਹੁਤ ਰੋਸ ਹੈ।