ਐਮਾਜਾਨ ਅਤੇ ਫਲਿੱਪਕਾਰਟ ਨਾਲ ਪੰਜਾਬ ਸਰਕਾਰ ਨੇ ਸਾਂਝ ਪਾਈ

TeamGlobalPunjab
3 Min Read

ਮੋਹਾਲੀ: ਸੂਬੇ ਵਿੱਚ ਲਘੂ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ.) ਨੂੰ ਉਦਯੋਗਿਕ ਵਿਕਾਸ ਦਾ ਧੁਰਾ ਦੱਸਦਿਆਂ ਵਧੀਕ ਮੁੱਖ ਸਕੱਤਰ ਉਦਯੋਗ ਅਤੇ ਇਨਵੈਸਟ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਐਮਐਸਐਮਈਜ਼. ਨੂੰ ਵੱਡੇ ਉਦਯੋਗਾਂ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ।
ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਮੌਕੇ ਸੰਬੋਧਨ ਕਰਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਸੂਬੇ ਵਿੱਚ ਐਮਐਸਐਮਈ. ਖੇਤਰ ਨੂੰ ਮਜਬੂਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਕੀਤੇ ਵੱਖ-ਵੱਖ ਉਪਰਾਲਿਆਂ ਬਾਰੇ ਵਿਸਥਾਰ ‘ਚ ਦੱਸਿਆ।

ਗਲੋਬਲ ਵੈਲਯੂ ਚੈਨ ਵਿੱਚ ਐਮਐਸਐਮਈ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਮਹਾਜਨ ਨੇ ਈਜ਼ ਟੂ ਡੂਇੰਗ ਬਿਜ਼ਨਸ ਲਈ ਨਵੀਂ ਉਦਯੋਗਿਕ ਨੀਤੀ, ਉਦਯੋਗਾਂ ਨੂੰ ਸਬਸਿਡੀ ਨਾਲ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਜੀ.ਐਸ.ਟੀ. ਤੇ ਬਿਜਲੀ ਡਿਊਟੀ ‘ਤੇ ਰਿਆਇਤਾਂ, ਜ਼ਮੀਨ ਦੀ ਆਨਲਾਈਨ ਮਲਕੀਅਤ, ਆਨਲਾਈਨ ਜਾਂਚ ਪ੍ਰਣਾਲੀ ਅਤੇ ਵਿੱਤੀ ਸਹੂਲਤਾਂ ਬਾਰੇ ਚਾਨਣਾ ਪਾਇਆ। ਐਮਐਸਐਮਈ ਨੂੰ ਹੋਰ ਸਹੂਲਤ ਪ੍ਰਦਾਨ ਕਰਨ ਲਈ, ਪੰਜਾਬ ਸਰਕਾਰ ਨੇ 700 ਐਮ.ਐਸ.ਐਮ.ਈ. ਲਾਭਪਾਤਰੀਆਂ ਨੂੰ 1100 ਕਰੋੜ ਰੁਪਏ ਦਾ ਕਰਜ਼ ਮੁਹੱਈਆ ਕਰਵਾਉਣ ਲਈ ਐਚਡੀਐਫਸੀ ਬੈਂਕ ਨਾਲ ਭਾਈਵਾਲੀ ਕੀਤੀ ਹੈ। ਇਸ ਸਮਝੌਤੇ ਤਹਿਤ ਬੈਂਕ ਸੂਬੇ ਦੇ ਸਾਰੇ ਉਦਯੋਗਾਂ ਨੂੰ ਕਾਰੋਬਾਰੀ ਕਰਜ਼ਿਆਂ ਲਈ ਵਿਸ਼ੇਸ਼ ਕੀਮਤ ਦੀ ਪੇਸ਼ਕਸ਼ ਕਰ ਰਿਹਾ ਹੈ।

- Advertisement -

ਸ੍ਰੀਮਤੀ ਮਹਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 200 ਕਰੋੜ ਰੁਪਏ ਖਰਚ ਕਰੇਗੀ। ਕੈਬਨਿਟ ਦੇ ਫੈਸਲਿਆਂ ਐਮ.ਐਸ.ਐਮ.ਈਜ਼. ਲਈ ਵਪਾਰਕ ਅਧਿਕਾਰ ਨੂੰ ਪ੍ਰਵਾਨਗੀ, ਉਦਯੋਗਿਕ ਝਗੜਾ ਐਕਟ ਵਿੱਚ ਸੋਧ, ਫੈਕਟਰੀਜ਼ ਐਕਟ ਅਤੇ ਪੰਚਾਇਤਾਂ ਨੂੰ ਸ਼ਾਮਲਾਟ ਜ਼ਮੀਨਾਂ ‘ਤੇ ਉਦਯੋਗਿਕ ਪਾਰਕ ਬਣਾ ਕੇ ਸੂਬੇ ਦੇ ਸਨਅਤੀ ਵਿਕਾਸ ਵਿੱਚ ਭਾਈਵਾਲੀ ਬਣਨ ਦੀ ਇਜਾਜ਼ਤ ਦੇਣ ਦੇ ਫੈਸਲਿਆਂ ਦਾ ਹਵਾਲਾ ਦਿੱਤਾ।

ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਆਧਾਰਤ ਐਮ.ਐਸ.ਐਮ.ਈ. ਨੂੰ ਨਵੇਂ ਬਾਜ਼ਾਰਾਂ ਤੱਕ ਪਹੁੰਚ ਦੇ ਯੋਗ ਬਣਾਉਣ ਲਈ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੇ ਪ੍ਰਮੁੱਖ ਈ-ਕਾਮਰਸ ਦਿੱਗਜਾਂ ਨਾਲ ਸਮਝੌਤਿਆਂ ‘ਤੇ ਹਸਤਾਖਰ ਕੀਤੇ। ਸ੍ਰੀ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਐਮਾਜਾਨ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਹੈ, ਜਿਸ ਨਾਲ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਮੁੱਖ ਬਾਜ਼ਾਰਾਂ ਸਮੇਤ ਨਾਲ ਬੀ 2 ਬੀ ਸੰਪਰਕ ਨਾਲ ਜੁੜ ਸਕਣਗੇ, ਜਦਕਿ ਸਰਕਾਰ ਨੇ ਐਮ.ਐਸ.ਐਮ.ਈ. ਨੂੰ ਨਵੇਂ ਘਰੇਲੂ ਬਾਜ਼ਾਰਾਂ ਤੱਕ ਪਹੁੰਚ ਦੇ ਯੋਗ ਬਣਾਉਣ ਲਈ ਫਲਿੱਪਕਾਰਟ ਨਾਲ ਵੀ ਸਮਝੌਤਾ ਸਹੀਬੱਧ ਕੀਤਾ। ਇਸ ਦੇ ਨਾਲ ਸੂਬੇ ਵਿੱਚ ਹੈਂਡਲੂਮ ਅਤੇ ਛੋਟੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਫਲਿੱਪਕਾਰਟ ਸਮਰਥਨ ਵੀ ਸਮਝੌਤਾ ਸਹੀਬੱਧ ਕੀਤਾ।

ਐਮ.ਐਸ.ਐਮ.ਈ. ਸੈਸ਼ਨ ਦਾ ਸੰਚਾਲਨ ਕੇ.ਪੀ.ਐਮ.ਜੀ. ਦੇ ਡਿਪਟੀ ਸੀ.ਈ.ਓ. ਅਖਿਲ ਬਾਂਸਲ ਨੇ ਕੀਤਾ ਅਤੇ ਇਸ ਸੈਸ਼ਨ ਵਿੱਚ ਸੰਧਾਰ ਟੈਕਨੋਲੋਜੀ ਦੇ ਜੈਯਤ ਦਵਾਰ, ਆਈ.ਟੀ.ਸੀ. ਤੋਂ ਸਚਿਦ ਮਦਾਨ, ਵਿਸ਼ਵ ਬੈਂਕ ਤੋਂ ਭਾਵਨਾ ਭਾਟੀਆ, ਕੈਪੀਟਲ ਸਮਾਲ ਫਾਈਨੈਂਸ ਬੈਂਕ ਤੋਂ ਸਰਵਜੀਤ ਸਿੰਘ ਸਮਰਾ ਅਤੇ ਯੂ.ਐਨ.ਆਈ.ਡੀ.ਓ. ਤੋਂ ਡਾ. ਰੇਨ ਵੈਨ ਬਰਕਲ ਨੇ ਹਿੱਸਾ ਲਿਆ।

ਰਿਪੋਰਟ: ਅਵਤਾਰ ਸਿੰਘ

- Advertisement -

Share this Article
Leave a comment