ਚੰਡੀਗੜ੍ਹ: ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਅਚਾਨਕ ਸਿਹਤ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ PGI ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲੇ ਇਹ ਸਪਸ਼ਟ ਨਹੀਂ ਹੋਇਆ ਕਿ ਕਟਾਰੀਆ ਨੂੰ ਕੀ ਹੋਇਆ ਹੈ।
ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਟਾਰੀਆ ਤਿਲਕ ਕੇ ਡਿੱਗ ਪਏ ਸਨ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਹਾਲਾਂਕਿ, ਰਾਜਭਵਨ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਸੀਨੀਅਰ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਹੈ। ਹਸਪਤਾਲ ਪਰਿਸਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਰਾਜਸਥਾਨ ਦੇ ਵਸਨੀਕ ਕਟਾਰੀਆ ਨੂੰ 31 ਜੁਲਾਈ 2024 ਨੂੰ ਪੰਜਾਬ ਦਾ ਗਵਰਨਰ ਅਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫੇ ਤੋਂ ਬਾਅਦ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਦੀ ਨਿਯੁਕਤੀ ਕੀਤੀ ਸੀ।
ਬੁੱਧਵਾਰ ਨੂੰ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਦੂਜਾ ਜਨਤਾ ਦਰਬਾਰ ਲਗਾਇਆ ਸੀ। ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤੱਕ ਚੱਲੇ ਇਸ ਦਰਬਾਰ ਵਿੱਚ ਕਈ ਨਾਗਰਿਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਸਨ। ਉਦੋਂ ਕਟਾਰੀਆ ਨੇ ਕਿਹਾ ਸੀ ਕਿ ਲੋਕ ਜ਼ਿਆਦਾਤਰ ਛੋਟੀਆਂ-ਛੋਟੀਆਂ ਸਮੱਸਿਆਵਾਂ ਲੈ ਕੇ ਆ ਰਹੇ ਹਨ।
ਕਟਾਰੀਆ ਨੇ ਕਿਹਾ ਸੀ, “ਮੈਂ ਇਸ ਕੁਰਸੀ ’ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਬੈਠਾ ਹਾਂ। ਜਨਤਾ ਦਰਬਾਰ ਦਾ ਮਕਸਦ ਹੈ ਕਿ ਲੋਕ ਸਿੱਧੇ ਆਪਣੀਆਂ ਸਮੱਸਿਆਵਾਂ ਰੱਖ ਸਕਣ ਅਤੇ ਉਨ੍ਹਾਂ ਦਾ ਹੱਲ ਹੋ ਸਕੇ।” ਉਨ੍ਹਾਂ ਨੇ ਬੁੱਧਵਾਰ ਨੂੰ ਪੁਲਿਸ ਨੂੰ ਸਖ਼ਤ ਨਿਰਦੇਸ਼ ਵੀ ਦਿੱਤੇ ਸਨ ਕਿ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।