ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿਖੇ ਈ-ਡੀ.ਏ.ਆਰ. ਸਾਫਟਵੇਅਰ ਦੇ ਲਾਗੂਕਰਨ ਬਾਰੇ ਇੱਕ ਰੋਜ਼ਾ ਸਿਖਲਾਈ ਸੈਸ਼ਨ ਕਰਵਾਇਆ

Global Team
3 Min Read

ਚੰਡੀਗੜ੍ਹ: ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਅਤੇ ਹਾਦਸਿਆਂ ਦੀ ਰਿਪੋਰਟਿੰਗ ਅਤੇ ਦਾਅਵਿਆਂ ਦੇ ਨਿਪਟਾਰੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਪੰਜਾਬ ਵਿੱਚ ਈ-ਡੀ.ਏ.ਆਰ. (ਇਲੈਕਟ੍ਰਾਨਿਕ ਡੀਟੇਲਡ ਐਕਸੀਡੈਂਟ ਰਿਪੋਰਟ) ਸਾਫਟਵੇਅਰ ਦੇ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਅੱਜ ਇੱਥੇ ਚੰਡੀਗੜ੍ਹ ਦੇ ਮੈਗਸੀਪਾ ਵਿਖੇ ਇੱਕ ਰੋਜ਼ਾ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਹ ਸੈਸ਼ਨ ਭਾਰਤ ਦੀ ਸੁਪਰੀਮ ਕੋਰਟ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਆਈ.ਸੀ. (ਨੈਸ਼ਨਲ ਇਨਫੋਰਮੈਟਿਕਸ ਸੈਂਟਰ) ਅਤੇ ਟਰਾਂਸਪੋਰਟ ਵਿਭਾਗ, ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਟਰਾਂਸਪੋਰਟ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਸੈਸ਼ਨ ਦੌਰਾਨ ਐਨ.ਆਈ.ਸੀ. ਦੇ ਮਾਹਿਰਾਂ ਵੱਲੋਂ ਈ-ਡੀ.ਏ.ਆਰ. ਸਿਸਟਮ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ। ਇਸ ਦੌਰਾਨ ਅਧਿਕਾਰੀਆਂ ਨੂੰ ਈ-ਡੀ.ਏ.ਆਰ. ਸਿਸਟਮ ਦੀਆਂ ਪ੍ਰਭਾਵਸ਼ਾਲੀ ਡਾਟਾ ਐਂਟਰੀ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਜੋ ਹਾਦਸਿਆਂ ਦੀ ਸਮੇਂ ਸਿਰ ਅਤੇ ਸੁਚੱਜੀ ਰਿਪੋਰਟਿੰਗ ਨੂੰ ਯਕੀਨੀ ਬਣਾਉਂਦੀਆਂ ਹਨ। ਜਨਰਲ ਇੰਸ਼ੋਰੈਂਸ ਕੌਂਸਲ ਆਫ਼ ਇੰਡੀਆ ਤੋਂ ਮੈਡਮ ਵਸੁੰਧਰਾ ਨੇ ਹਿੱਟ-ਐਂਡ-ਰਨ ਦੇ ਮਾਮਲਿਆਂ ਨਾਲ ਨਜਿੱਠਣ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ, ਜਿਸ ਨਾਲ ਹਾਦਸਿਆਂ ਦੇ ਪੀੜਤਾਂ ਨੂੰ ਸਮਾਂਬੱਧ ਢੰਗ ਨਾਲ ਵਿੱਤੀ ਮੁਆਵਜ਼ਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।

ਉਨ੍ਹਾਂ ਅੱਗੇ ਕਿਹਾ ਕਿ ਈ-ਡੀ.ਏ.ਆਰ. ਸਿਸਟਮ ਹਾਦਸਿਆਂ ਦੇ ਅਸਲ ਸਮੇਂ ਦੇ ਅੰਕੜਿਆਂ ਨੂੰ ਇਕੱਤਰ ਕਰਨ ਦੇ ਸਮਰੱਥ ਬਣਾਏਗਾ, ਜਿਸ ਨਾਲ ਤਰੁੰਤ ਪ੍ਰਤੀਕਿਰਿਆਂ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਦਾਅਵਿਆਂ ਦੀ ਸੁਚਾਰੂ ਪ੍ਰਕਿਰਿਆ ਰਾਹੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਧੇਰੇ ਕੁਸ਼ਲਤਾ ਨਾਲ ਪ੍ਰਦਾਨ ਕੀਤੀ ਜਾ ਸਕੇਗੀ। ਇਸ ਪਹਿਲਕਦਮੀ ਨਾਲ ਹਾਦਸਿਆਂ ਦੇ ਪੀੜਤਾਂ ਲਈ ਬਿਨਾਂ ਕਿਸੇ ਦੇਰੀ ਦੇ ਬਿਹਤਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾ ਸਕੇਗੀ। ਉਨ੍ਹਾਂ ਕਿਹਾ ਕਿ ਡਾਟਾ-ਅਧਾਰਿਤ ਵਿਸ਼ਲੇਸ਼ਣ ਅਧਿਕਾਰੀਆਂ ਨੂੰ ਪੰਜਾਬ ਵਿੱਚ ਹਾਦਸਿਆਂ ਦੀ ਗਿਣਤੀ ਨੂੰ ਘਟਾਉਣ ਵਾਸਤੇ ਰੋਕਥਾਮ ਉਪਾਅ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ।

ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦੌਰਾਨ ਹਾਦਸਿਆਂ ਦੀ ਵਿਗਿਆਨਕ ਢੰਗ ਨਾਲ ਜਾਂਚ, ਹਾਦਸਾ ਪੀੜਤਾਂ ਲਈ ਨਕਦ ਰਹਿਤ ਇਲਾਜ ਅਤੇ ਦਾਅਵੇ ਦੇ ਨਿਪਟਾਰੇ ਸਮੇਤ ਮੁੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਵਿੱਚ ਹਾਦਸਿਆਂ ਦੀ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਰਿਪੋਰਟਿੰਗ ਅਤੇ ਦਾਅਵੇ ਦੇ ਨਿਪਟਾਰੇ ਸਬੰਧੀ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਹੈ।

ਇਸ ਸੈਸ਼ਨ ਵਿੱਚ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਜਿਨ੍ਹਾਂ ਵਿੱਚ ਖੇਤਰੀ ਟਰਾਂਸਪੋਰਟ ਅਧਿਕਾਰੀ (ਆਰ.ਟੀ.ਓਜ਼), ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈਜ਼), ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀਜ਼), ਸਿਹਤ ਵਿਭਾਗ ਦੇ ਨੁਮਾਇੰਦੇ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਤੋਂ ਪਤਵੰਤੇ ਸ਼ਾਮਲ ਸਨ।

Share This Article
Leave a Comment