ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਨੂੰ ਵਾਪਸ ਲੈ ਲਿਆ ਹੈ। ਸਰਕਾਰ ਦਾ ਦਲੀਲ਼ ਹੈ ਕਿ ਬਾਜਵਾ ਨੂੰ ਹੁਣ ਕੇਂਦਰੀ ਸੁਰੱਖਿਆ ਮਿਲੀ ਹੋਈ ਹੈ।
ਦੱਸ ਦਈਏ ਬਾਜਵਾ ਕੋਲ ਸੂਬਾ ਸਰਕਾਰ ਦੇ 14 ਸੁਰੱਖਿਆ ਕਰਮੀ ਸਨ, ਇਨ੍ਹਾਂ ‘ਚ 8 ਸੁਰੱਖਿਆ ਕਰਮਚਾਰੀ ਸਰਕਾਰ ਨੇ ਕੋਵਿਡ ਨਾਲ ਨਜਿੱਠਣ ਲਈ ਪਹਿਲਾਂ ਹੀ ਵਾਪਸ ਲੈ ਲਏ ਸਨ ਹੁਣ ਬਚੇ 6 ਸੁਰੱਖਿਆਕਰਮੀਆਂ ਨੂੰ ਵੀ ਵਾਪਸ ਲੈ ਲਿਆ ਗਿਆ ਹੈ। ਦੱਸ ਦਈਏ, ਬਾਜਵਾ ਇਨ੍ਹੀ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦੇ ਖਿਲਾਫ ਲਗਾਤਾਰ ਬਿਆਨਬਾਜ਼ੀ ਕਰ ਰਹੇ ਸਨ।
ਸਰਕਾਰੀ ਬੁਲਾਰੇ ਦੇ ਮੁਤਾਬਕ ਸੁਰੱਖਿਆ ਸਬੰਧੀ ਜਾਂਚ ਤੋਂ ਬਾਅਦ ਪਤਾ ਚੱਲਿਆ ਕਿ ਬਾਜਵਾ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ, ਉਨ੍ਹਾਂ ਕੋਲ ਕੇਂਦਰੀ ਸੁਰੱਖਿਆ ਮੌਜੂਦ ਹੈ।
ਬਾਜਵਾ ਨੂੰ 19 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜੈੱਡ ਸ਼੍ਰੇਣੀ ਸੁਰੱਖਿਆ ਕਵਰ ਦਿੱਤਾ ਗਿਆ ਸੀ। ਉਨ੍ਹਾਂ ਦੀ ਅਤੇ ਘਰ ਦੀ ਸੁਰੱਖਿਆ ਅਤੇ ਐਸਕਾਰਟ ਲਈ 25 ਸੀਆਈਐਸਐਫ ਕਰਮੀਆਂ ਤੋਂ ਇਲਾਵਾ 2 ਐਸਕਾਰਟ ਡਰਾਈਵਰ ਹਨ। 23 ਮਾਰਚ ਤੱਕ ਉਨ੍ਹਾਂ ਦੇ ਨਾਲ 14 ਪੰਜਾਬ ਪੁਲਿਸ ਕਰਮਚਾਰੀ ਵੀ ਤਾਇਨਾਤ ਸਨ, ਪਰ ਕੁੱਝ ਨੂੰ ਪਹਿਲਾਂ ਹੀ ਵਾਪਸ ਲੈ ਲਿਆ ਗਿਆ ਸੀ ਹੁਣ ਬਾਕੀ ਕਰਮੀਆਂ ਨੂੰ ਵੀ ਵਾਪਸ ਲੈ ਲਿਆ ਗਿਆ ਹੈ।